ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 1 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫ਼ਤਰਾਂ ਅੱਗੇ ਧਰਨਿਆਂ ਤੇ ਮੋਰਚਿਆਂ ਦੀ ਤਿਆਰੀ ਲਈ ਪਿੰਡ ਪੱਧਰੀ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡ ਚੱਬਾ ਵਿੱਚ ਮੀਟਿੰਗ ਉਪਰੰਤ 84 ਦੀ ਸਿੱਖ ਨਸਲਕੁਸ਼ੀ ਵਿਰੁੱਧ ਭਾਰਤੀ ਰਾਜ ਪ੍ਰਬੰਧ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਦੱਸਿਆ ਜਥੇਬੰਦੀ ਦੇ ਸੂਬਾ ਪੱਧਰੀ ਐਲਾਨ ਦੇ ਚਲਦੇ 26 ਨਵੰਬਰ ਤੋਂ ਡੀਸੀ ਦਫਤਰਾਂ ਅੱਗੇ ਲਗਾਏ ਜਾ ਰਹੇ ਮੋਰਚਿਆਂ ਦੀ ਪਿੰਡ ਪੱਧਰੀ ਤਿਆਰੀ ਦੇ ਪ੍ਰੋਗਰਾਮ ਬਣਾਉਣ ਲਈ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪਿੰਡ ਚੱਬਾ ਵਿੱਚ ਬਾਬਾ ਖੂਹ ਵਾਲਾ ਵਿਚ ਕੀਤੀ ਗਈ ਹੈ। ਉਨ੍ਹਾਂ ਕਿਹਾ ਮੋਰਚੇ ਦੀਆਂ ਮੁੱਖ ਮੰਗਾਂ ਨਾ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਥੇਬੰਦੀ ਵੱਲੋਂ ਪਿੰਡ ਤੇ ਜ਼ੋਨ ਪੱਧਰੀ ਫੰਡਾਂ ਦੇ ਹਿਸਾਬ ਲਏ ਗਏ ਅਤੇ ਜ਼ਿਲ੍ਹਾ ਤੇ ਸੂਬਾ ਪੱਧਰੀ ਫੰਡਾ ਦਾ ਵੇਰਵਾ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਜਥੇਬੰਦੀ ਵੱਲੋਂ, 1984 ਵਿਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਹੋਈ ਸਿੱਖ ਨਸਲਕੁਸ਼ੀ ਦਾ ਨਿਆਂ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਰਾਜ ਪ੍ਰਬੰਧ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਇਸ ਗੈਰਇਨਸਾਨੀ ਕਾਰੇ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਤੀਆਂ ਜਾਣ। ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ, ਜਿਲ੍ਹਾ ਖਜ਼ਾਨਚੀ ਕੰਧਾਰ ਸਿੰਘ ਭੋਏਵਾਲ, ਸਕੱਤਰ ਸਿੰਘ ਕੋਟਲਾ ਸਮੇਤ ਸਮੂਹ ਜ਼ੋਨ ਸਕੱਤਰ ਤੇ ਖਜਾਨਚੀ ਹਾਜ਼ਰ ਰਹੇ |