ਹਰਪ੍ਰੀਤ ਕੌਰ
ਹੁਸ਼ਿਆਰਪੁਰ, 29 ਅਕਤੂਬਰ
ਬੀਤੇ ਦਿਨੀਂ ਪਿੰਡ ਜਲਾਲਪੁਰ ’ਚ ਇਕ ਮਾਸੂਮ ਬੱਚੀ ਦਾ ਬਲਾਤਕਾਰ ਕਰਕੇ ਉਸ ਦੀ ਹੱਤਿਆ ਕਰਨ ਦੀ ਦਰਦਨਾਕ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਸਥਾਨਕ ਗ੍ਰੀਨਵਿਊ ਪਾਰਕ ਵਿਚ ਇਕੱਠੇ ਹੋਏ ਜਿੱਥੋਂ ਉਹ ਰੋਸ ਮਾਰਚ ਕਰਦੇ ਹੋਏ ਮਿੰਨੀ ਸਕੱਤਰੇਤ ਪਹੁੰਚੇ ਅਤੇ ਧਰਨਾ ਦਿੱਤਾ।
ਮਾਰਚ ਦੀ ਅਗਵਾਈ ਗੰਗਾ ਪ੍ਰਸਾਦ, ਅਜੀਬ ਦਿਵੇਦੀ, ਹਰਦੀਪ ਖੁੱਡਾ, ਅਮਰਜੀਤ ਸਿੰਘ ਸੰਧੂ, ਮਨਜੋਤ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ ਅਤੇ ਲਾਰੈਂਸ ਚੌਧਰੀ ਨੇ ਕੀਤੀ। ਮਾਰਚ ਉਪਰੰਤ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਮਾਸੂਸ ਬੱਚੀ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਸਜ਼ਾ ਸੁਣਾ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਵਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀਆਂ ਵਲੋਂ ਤਿੱਖਾ ਸੰਘਰਸ਼ ਛੇੜ ਦਿੱਤਾ ਜਾਵੇਗਾ। ਰਾਜਿੰਦਰ ਸਿੰਘ, ਭੁਪਿੰਦਰ ਸਿੰਘ, ਡਾ. ਤੇਜਪਾਲ, ਡਾ. ਸੇਵਾ ਸਿੰਘ, ਗੁਰਨਾਮ ਸਿੰਘ, ਹਰਵਿੰਦਰ ਸਿੰਘ, ਮਨਜੀਤ ਸਿੰਘ ਸ਼ਾਮਲ ਸਨ।