ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 19 ਸਤੰਬਰ
ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਇਤਿਹਾਸਕ ਨਗਰ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਂਦੇ ਹਨ ਪਰ ਇਸ ਵਾਰ ਪ੍ਰਸ਼ਾਸਨ ਵੱਲੋਂ ਸ਼ਰਾਬ ਠੇਕੇਦਾਰਾਂ ਨੂੰ ਦਿੱਤੀ ਖੁੱਲ੍ਹ ਕਾਰਨ ਸੰਗਤ ਵਿੱਚ ਭਾਰੀ ਰੋਸ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਜੀਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਸਮੇਤ ਹੋਰਾਂ ਨੇ ਆਖਿਆ ਕਿ ਇਤਿਹਾਸਕ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਹਿਲਾਂ ਦੋ ਦਿਨ ਲਈ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਂਦੇ ਸਨ ਤਾਂ ਜੋ ਦਿਨ ਰਾਤ ਚੱਲਣ ਵਾਲੇ ਮੇਲੇ ਦੌਰਾਨ ਸ਼ਰਾਰਤੀ ਅਨਸਰ ਸ਼ਰਾਬ ਪੀ ਕੇ ਹੁੱਲੜਬਾਜ਼ੀ ਨਾ ਕਰਨ। ਪਰ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਠੇਕੇਦਾਰਾਂ ਨੂੰ ਠੇਕੇ ਖੋਲ੍ਹਣ ਛੋਟ ਦੇ ਕੇ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਠੇਕੇ ਮੁਕੰਮਲ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਡੀਸੀ ਕੁਲਵੰਤ ਸਿੰਘ ਨੇ ਫੋਨ ਨਹੀਂ ਚੁੱਕਿਆ।
ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਰੱਤੋਕੇ ਨੇ ਕਿਹਾ ਕਿ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਮੇਲੇ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣੇ ਸਰਾਸਰ ਗਲਤ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਅਤੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਠੇਕੇ ਬੰਦ ਕਰਵਾਉਣ ਸਬੰਧੀ ਕੋਈ ਹੁਕਮ ਪ੍ਰਾਪਤ ਨਹੀਂ ਹੋਇਆ।
ਹਦਾਇਤਾਂ ਮਗਰੋਂ ਵੀ ਠੇਕੇ ਬੰਦ ਨਾ ਕਰਨ ’ਤੇ ਅੜੇ ਠੇਕੇਦਾਰ
ਇਹ ਮਾਮਲਾ ਜਦੋਂ ਐੱਸਡੀਐੱਮ ਅਨਮਜੋਤ ਕੌਰ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਠੇਕੇ ਬੰਦ ਕਰਵਾਉਣ ਲਈ ਪੁਲੀਸ ਨੂੰ ਹਦਾਇਤ ਕੀਤੀ, ਪਰ ਸ਼ਰਾਬ ਠੇਕੇਦਾਰ ਪ੍ਰਸ਼ਾਸਨ ਅੱਗੇ ਠੇਕੇ ਬੰਦ ਨਾ ਕਰਨ ’ਤੇ ਅੜੇ ਰਹੇ। ਠੇਕੇਦਾਰਾਂ ਨੇ ਕਿਹਾ ਕਿ ਉਹ ਬਿਨਾਂ ਲਿਖਤੀ ਹੁਕਮਾਂ ਤੋਂ ਠੇਕੇ ਬੰਦ ਨਹੀਂ ਕਰਨਗੇ।