ਪੱਤਰ ਪ੍ਰੇਰਕ
ਅਜਨਾਲਾ, 23 ਜੂਨ
ਇਥੋਂ ਨੇੜਲੇ ਪਿੰਡ ਪੰਜ-ਗਰਾਈਂ ਨਿੱਜਰਾਂ ਦੀ ਪੰਚਾਇਤੀ ਜ਼ਮੀਨ ਦੀ ਅੰਦਰਖਾਤੇ ਨਿਲਾਮੀ ਕਰਕੇ ਆਪਣੇ ਚਹੇਤਿਆਂ ਨੂੰ ਦੇਣ ਦਾ ਦੋਸ਼ ਲਾਉਦਿਆਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਜਨਾਲਾ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਹ ਨਿਲਾਮੀ ਤੁਰੰਤ ਰੱਦ ਕੀਤੀ ਜਾਵੇ। ਇਸ ਮੌਕੇ ਕਿਸਾਨ ਆਗੂਆਂ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਯੂਥ ਆਗੂ ਤੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੇ ਉਲਟ ਪਿੰਡ ਪੰਜਗਰਾਈਆਂ ਨਿੱਜਰਾਂ ਦੀ ਪੰਚਾਇਤੀ ਜ਼ਮੀਨ ਬੀ.ਡੀ.ਪੀ.ਓ ਅਜਨਾਲਾ ਦੇ ਦਬਾਅ ਹੇਠ ਅੰਦਰਖਾਤੇ ਜ਼ਮੀਨ ਦੀ ਬੋਲੀ ਆਪਣੇ ਚਹੇਤਿਆਂ ਦੇ ਨਾਮ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਿੰਨ ਬੋਲੀਆਂ ਇਸ ਕਰਕੇ ਰੱਦ ਕਰ ਦਿੱਤੀਆਂ ਗਈਆਂ ਕਿ ਪਿਛਲੇ ਸਾਲ ਨਾਲੋਂ 5 ਪ੍ਰਤੀਸ਼ਤ ਵਾਧੇ ਨਾਲ ਜ਼ਮੀਨ ਦੀ ਬੋਲੀ ਨਹੀਂ ਹੋਈ ਪਰ ਹੁਣ ਪਿਛਲੇ ਸਾਲ ਨਾਲੋਂ ਸਿਰਫ ਇੱਕ ਹਜ਼ਾਰ ਰੁਪਏ ਦੇ ਵਾਧੇ ਨਾਲ ਦੇ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਹ ਬੋਲੀ ਤੁਰੰਤ ਰੱਦ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਕਿਆਮਪੁਰ, ਬਲਵਿੰਦਰ ਸਿੰਘ ਪੰਜਗਰਾਈਂ, ਜਸਪਾਲ ਸਿੰਘ ਭੋਲਾ ਧਾਰੀਵਾਲ ਕਲੇਰ, ਜਗਤਾਰ ਸਿੰਘ ਰਾਜੀਆਂ ਆਦਿ ਹਾਜ਼ਰ ਸਨ।
ਜਮੀਨ ਦੀ ਬੋਲੀ ਪੂਰੇ ਨਿਯਮਾਂ ਮੁਤਾਬਕ ਹੋਈ: ਬੀਡੀਪੀਓ
ਇਸ ਸਬੰਧੀ ਬੀਡੀਪੀਓ ਅਜਨਾਲਾ ਸ਼ਮਸ਼ੇਰ ਸਿੰਘ ਬੱਲ ਨੇ ਕਿਹਾ ਕਿ ਪਿੰਡ ਪੰਜਗਰਾਈਂ ਨਿੱਜਰਾਂ ਦੀ ਜ਼ਮੀਨ ਦੀ ਬੋਲੀ ਕਿਸੇ ਕਿਸਾਨ ਵੱਲੋਂ ਪਿਛਲੇ ਸਾਲ ਤੋਂ ਵੱਧ ਰੇਟ ਨਾ ਦੇਣ ਕਾਰਨ ਰੱਦ ਕੀਤੀ ਗਈ ਸੀ ਪਰ ਅਗਲੀ ਬੋਲੀ (ਨਿਲਾਮੀ) ਵਿੱਚ ਜਿਹੜੇ ਕਿਸਾਨ ਨੇ ਵੱਧ ਬੋਲੀ ਦਿੱਤੀ, ਉਸ ਨੂੰ ਵਿਭਾਗੀ ਨਿਯਮਾਂ ਅਨੁਸਾਰ ਪੂਰੇ ਪਾਰਦਰਸ਼ੀ ਤਰੀਕੇ ਨਾਲ ਜ਼ਮੀਨ ਦੇ ਦਿੱਤੀ ਗਈ ਹੈ।