ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 19 ਸਤੰਬਰ
ਅੱਡਾ ਕੁੱਕੜਾਂਵਾਲਾ ਵਿਖੇ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋ ਇੱਕ ਦੁਕਾਨਦਾਰ ਕੋਲੋ ਪਿਸਤੌਲ ਦੀ ਨੋਕ ’ਤੇ 20 ਹਜ਼ਾਰ ਦੇ ਕਰੀਬ ਨਕਦੀ ਅਤੇ ਉਸ ਦਾ ਲਾਇਸੰਸੀ ਪਿਸਤੌਲ ਖੋਹ ਲਏ ਜਾਣ ਦੀ ਵਾਰਦਾਤ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਅੱਜ ਸਮੂਹ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਜ਼ਿਲਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਅਮ੍ਰਿਤਸਰ ਅਜਨਾਲਾ ਰੋਡ ਨੂੰ ਜਾਮ ਕਰਕੇ ਪੁਲਸ ਪ੍ਰਸ਼ਾਸ਼ਨ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਲੁੱਟ-ਖੋਹ ਦੀ ਵਾਰਦਾਤ ਦਾ ਸ਼ਿਕਾਰ ਹੋਏ ਪ੍ਰਭਜੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਪਿੰਡ ਉੱਚਾ ਕਿਲਾ (ਹਰਸ਼ਾ ਛੀਨਾਂ) ਨੇ ਦੱਸਿਆ ਕਿ ਉਸਦਾ ਅੱਡਾ ਕੁੱਕੜਾਂਵਾਲਾ ਵਿਖੇ ਜਨਰਲ ਸਟੋਰ ਹੈ ਤੇ ਜਦੋ ਬੀਤੀ ਸ਼ਾਮ ਤਕਰੀਬਨ 8 ਕੁ ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰ ਰਿਹਾ ਸੀ ਤਾਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇੱਕ ਪਿਸਤੌਲ ਉਸ ਦੇ ਸਿਰ ਤੇ ਅਤੇ ਦੂਜਾ ਲੱਕ ਉੱਤੇ ਲਾ ਕੇ ਉਸ ਕੋਲੋਂ 20 ਹਜ਼ਾਰ ਦੇ ਕਰੀਬ ਰਕਮ ਅਤੇ ਉਸ ਦਾ ਲਾਇਸੰਸੀ ਪਿਸਤੌਲ ਖੋਹ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਚੌਕੀ ਕੁੱਕੜਾਂਵਾਲ ਜੋ ਕਿ ਉਸਦੀ ਦੁਕਾਨ ਤੋ ਸਿਰਫ 50 ਮੀਟਰ ਦੀ ਦੂਰੀ ਉੱਤੇ ਹੈ, ਵਿੱਚ ਇਸ ਵਾਰਦਾਤ ਸਬੰਧੀ ਉੱਥੇ ਦੱਸਣ ਗਿਆ ਪਰ ਉਨਾਂ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਜੇ ਦੋ ਦਿਨਾਂ ਦੇ ਅੰਦਰ-ਅੰਦਰ ਲੁਟੇਰਿਆਂ ਨੂੰ ਕਾਬੂ ਨਾ ਕੀਤਾ ਤਾਂ ਅੰਮ੍ਰਿਤਸਰ ਵਿਖੇ ਐੱਸਐੱਸਪੀ ਦਿਹਾਤੀ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ।
ਐੱਸਐੱਚਓ ਵੱਲੋਂ ਕਾਰਵਾਈ ਦਾ ਭਰੋਸਾ
ਪੁਲਸ ਥਾਣਾ ਰਾਜਾਸਾਂਸੀ ਦੇ ਐੱਸਐੱਚਓ ਮੈਡਮ ਰਮਨਦੀਪ ਕੌਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਲੁੱਟਖੋਹ ਦੀ ਵਾਰਦਾਤ ਖਿਲਾਫ ਮਾਮਲਾ ਦਰਜ ਕਰਕੇ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜਲਦ ਹੀ ਇਹ ਲੁਟੇਰੇ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।