ਹਰਜੀਤ ਸਿੰਘ ਪਰਮਾਰ
ਬਟਾਲਾ, 31 ਜੁਲਾਈ
ਬਟਾਲਾ ਵਿੱਚ ਨਵ-ਵਿਆਹੁਤਾ ਦੀ ਮੌਤ ਦੇ ਬਾਅਦ ਉਸ ਦੇ ਪੇਕੇ ਪਰਿਵਾਰ ਨੇ ਲਾਸ਼ ਨੂੰ ਸਥਾਨਕ ਗਾਂਧੀ ਚੌਕ ਵਿੱਚ ਰੱਖ ਕੇ ਧਰਨਾ ਲਾਇਆ ਅਤੇ ਇਨਸਾਫ਼ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਸੀ। ਪੇਕੇ ਪਰਿਵਾਰ ਦੇ ਮੈਂਬਰਾਂ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ’ਤੇ ਉਸ ਨੂੰ ਕਤਲ ਕਰਨ ਦੇ ਕਥਿਤ ਦੋਸ਼ ਲਾਏ। ਦੱਸਣਯੋਗ ਹੈ ਕੇ ਨਵਵਿਆਹੁਤਾ ਦੀ ਦੋ ਦਿਨ ਪਹਿਲਾਂ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਮ੍ਰਿਤਕਾ ਦੇ ਪਤੀ ਅਤੇ ਮਾਤਾ ਨੇ ਹਸਪਤਾਲ ਦੀ ਨਰਸ ’ਤੇ ਗਲਤ ਟੀਕਾ ਲਾਉਣ ਕਾਰਨ ਮੌਤ ਹੋਣ ਦੇ ਦੋਸ਼ ਲਾਏ ਸਨ। ਅੱਜ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਧਰਨੇ ਦੌਰਾਨ ਮ੍ਰਿਤਕਾ ਮਨਦੀਪ ਕੌਰ ਦੀ ਮਾਤਾ ਬਲਜੀਤ ਕੌਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਮਨਦੀਪ ਕੌਰ ਦੇ ਪਤੀ ਸਣੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕਥਿਤ ਤੌਰ ’ਤੇ ਮਾਰ ਦਿੱਤਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਮਨਦੀਪ ਕੌਰ ਦੇ ਸਹੁਰੇ ਪਰਿਵਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਨਹੀਂ ਤਾਂ ਨਾ ਤਾਂ ਉਹ ਧਰਨਾ ਚੁੱਕਣਗੇ ਅਤੇ ਨਾ ਹੀ ਸਸਕਾਰ ਕਰਨਗੇ।
ਦੋਹਾਂ ਪਰਿਵਾਰਾਂ ਦੀ ਸਹਿਮਤੀ ਮਗਰੋਂ ਪੋਸਟਮਾਰਟਮ ਕਰਵਾਇਆ: ਪੁਲੀਸ
ਥਾਣਾ ਸਿਵਲ ਲਾਈਨਜ਼ ਦੇ ਮੁਖੀ ਅਮੋਲਕ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਮਨਦੀਪ ਕੌਰ ਦੀ ਸਿਵਲ ਹਸਪਤਾਲ ਬਟਾਲਾ ਵਿੱਚ ਮੌਤ ਹੋ ਗਈ ਸੀ ਅਤੇ ਉਪਰੰਤ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਪੋਸਟ-ਮਾਰਟਮ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਦੋਵਾਂ ਪਰਿਵਾਰਾਂ ਦਰਮਿਆਨ ਕੀ ਵਿਵਾਦ ਹੋਇਆ ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਮੈਂਬਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲੀ ਕਾਰਨਾਂ ਦੀ ਪੁਸ਼ਟੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਹੋਵੇਗੀ।