ਪੱਤਰ ਪ੍ਰੇਰਕ
ਤਰਨ ਤਾਰਨ, 2 ਸਤੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਬਾਬਾ ਦੀਪ ਸਿੰਘ ਜ਼ੋਨ ਇਕਾਈ ਨੇ ਕਾਰਪੋਰੇਟ ਬੈਂਕ ਦੀਆਂ ਕਥਿਤ ਬੇਨਿਯਮੀਆਂ ਖਿਲਾਫ਼ ਅੱਜ ਧਰਨਾ ਦਿੱਤਾ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ| ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ ਨੇ ਕੀਤੀ। ਇਸ ਮੌਕੇ ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਸ਼ਿਵੰਦਰ ਸਿੰਘ ਖਾਰਾ ਤੇ ਅੰਗਰੇਜ਼ ਸਿੰਘ ਦਬੁਰਜੀ ਨੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਵੱਲੋਂ ਬੈਂਕ ਵਿੱਚ ਐੱਫਡੀ ਤੇ ਹੋਰਨਾਂ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਪੈਸਿਆਂ ਵਿੱਚ ਲੱਖਾਂ ਰੁਪਏ ਦੀਆਂ ਕੀਤੀਆਂ ਕਥਿਤ ਬੇਨਿਯਮੀਆਂ ਦੀ ਪੜਤਾਲ ਕੀਤੇ ਜਾਣ ਦੀ ਮੰਗ ਕੀਤੀ| ਬੈਂਕ ਅਧਿਕਾਰੀਆਂ ਨੇ ਕਥਿਤ ਤੌਰ ਤੇ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ਼ ਦਿੱਤਾ| ਇਸ ’ਤੇ ਕਿਸਾਨਾਂ ਨੇ ਧਰਨਾ ਚੁੱਕ ਲਿਆ|