ਐੱਨਪੀ ਧਵਨ
ਪਠਾਨਕੋਟ, 24 ਨਵੰਬਰ
ਸ਼ਾਹਪੁਰਕੰਡੀ ਡੈਮ ਦੇ ਮੁਲਾਜ਼ਮਾਂ ਨੇ ਜਲ ਸਰੋਤ ਵਿਭਾਗ ਵੱਲੋਂ ਕੀਤੀ ਗਈ ਪੁਨਰਗਠਨ ਪਾਲਿਸੀ ਤਹਿਤ ਕਲੈਰੀਕਲ ਸਟਾਫ ਦੀ ਪੋਸਟਾਂ ਘੱਟ ਕਰਨ ਨੂੰ ਲੈ ਕੇ ਅੱਜ ਡੈਮ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਦਫਤਰ ਮੂਹਰੇ ਪ੍ਰਧਾਨ ਅਜੇ ਅਭਿਸ਼ੇਕ ਦੀ ਅਗਵਾਈ ਵਿੱਚ ਧਰਨਾ ਦਿੱਤਾ। ਇਸ ਰੋਸ ਪ੍ਰਦਰਸ਼ਨ ਵਿੱਚ ਕਲੈਰੀਕਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ, ਯੋਗੇਸ਼ਵਰ ਸਲਾਰੀਆ, ਨਿਰਵੇਸ਼ ਡੋਗਰਾ, ਅਸ਼ਵਨੀ ਸ਼ਰਮਾ, ਵਿਕਰਾਂ ਮਹਾਜਨ, ਅਜੇ ਕੁਮਾਰ, ਪੂਜਾ ਸ਼ਰਮਾ, ਸੁਸ਼ਮਾ ਦੇਵੀ ਆਦਿ ਹਾਜ਼ਰ ਸਨ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਅਜੇ ਅਭਿਸ਼ੇਕ, ਗੁਰਨਾਮ ਸਿੰਘ ਸੈਣੀ ਅਤੇ ਹੋਰ ਮੁਲਾਜ਼ਮਾਂ ਨੇ ਕਿਹਾ ਕਿ ਡੈਮ ਪ੍ਰੋਜੈਕਟ ਤੇ ਪਹਿਲਾਂ ਹੀ ਕਲੈਰੀਕਲ ਸਟਾਫ ਦੀ ਕਮੀ ਹੈ ਅਤੇ ਇਥੇ 72 ਪੋਸਟਾਂ ਹਨ। ਜਿਸ ਤੇ ਮਹਿਕਮੇ ਨੇ ਇਥੇ ਸਿਰਫ 28 ਪੋਸਟਾਂ ਹੀ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਦਾਂ ਵਿੱਚ ਸਹਾਇਕਾਂ ਦੀਆਂ 19 ਪੋਸਟਾਂ ਨੂੰ ਡੈਮ ਪ੍ਰੋਜੈਕਟ ਨੇ ਦੂਰ ਦਰਾਜ ਸਥਾਨਾਂ ਤੇ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੋਸਟਾਂ ਨੂੰ ਘੱਟ ਕਰਕੇ ਅਤੇ ਕਈ ਪੋਸਟਾਂ ਨੂੰ ਤਬਦੀਲ ਕਰਕੇ ਵਿਭਾਗ ਕਲੈਰੀਕਲ ਸਟਾਫ ਨਾਲ ਅਨਿਆਂ ਕਰ ਰਿਹਾ ਹੈ।