ਬੇਅੰਤ ਸਿੰਘ ਸੰਧੂ
ਪੱਟੀ, 12 ਅਕਤੂਬਰ
ਪੁਲੀਸ ਚੌਕੀ ਕੈਰੋਂ ਵਿਚ 7 ਅਕਤੂਬਰ ਨੂੰ ਪਾਸਟਰ ਸੁੱਖਾ ਮਸੀਹ ਦੀ ਥਾਣੇਦਾਰ ਦਵਿੰਦਰ ਸਿੰਘ ਗਰਚਾ ਵੱਲੋਂ ਕੁੱਟਮਾਰ ਤੇ ਅਪਮਾਨਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮਸੀਹ ਭਾਈਚਾਰੇ ਵੱਲੋਂ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲੀਸ ਪ੍ਰਸ਼ਾਸਨ ਵੱਲੋਂ ਥਾਣੇਦਾਰ ਖ਼ਿਲਾਫ਼ ਢੁਕਵੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਦੁਪਹਿਰ ਸਮੇਂ ਮਸੀਹ ਭਾਈਚਾਰੇ ਵੱਲੋਂ ਪੁਲੀਸ ਚੌਕੀ ਕੈਰੋਂ ਦੇ ਸਾਹਮਣੇ ਤਰਨ ਤਾਰਨ ਸੜਕ ਉੱਪਰ ਚੱਕਾ ਜਾਮ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਇਸ ਨਾਲ ਤਿੰਨ ਘੰਟਿਆਂ ਤੱਕ ਸੜਕੀ ਆਵਾਜਾਈ ਪ੍ਰਭਾਵਿਤ ਹੋਈ।
ਇਸ ਮੌਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਕਥਿਤ ਮੁਲਜ਼ਮ ਥਾਣੇਦਾਰ ਵੱਲੋਂ ਵਰਦੀ ਦੀ ਓਟ ਤੇ ਸਿਆਸੀ ਪੁਸ਼ਤਪਨਾਹੀ ਹੇਠ ਮਸੀਹ ਭਾਈਚਾਰੇ ਦੇ ਧਾਰਮਿਕ ਆਗੂ ਨੂੰ ਅਪਮਾਨਤ ਕੀਤਾ ਗਿਆ ਹੈ। ਮਸੀਹ ਭਾਈਚਾਰੇ ਵੱਲੋਂ ਕਥਿਤ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਲਈ ਕੀਤੀ ਗਈ ਮੰਗ ਦੀ ਸਥਾਨਕ ਪੁਲੀਸ ਪ੍ਰਸ਼ਾਸਨ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ। ਇਸ ਦਾ ਵਿਰੋਧ ਕਰਦਿਆਂ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਥਾਣੇਦਾਰ ਅਤੇ ਸਥਾਨਕ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪਾਸਟਰ ਸੋਖਾ ਮਸੀਹ ਨੂੰ ਇਨਸਾਫ਼ ਮਿਲਣ ਤੱਕ ਹਰ ਫਰੰਟ ’ਤੇ ਸੰਘਰਸ਼ ਕੀਤਾ ਜਾਵੇਗਾ।
ਸਬ-ਡਿਵੀਜ਼ਨ ਪੱਟੀ ਦੇ ਪੁਲੀਸ ਅਧਿਕਾਰੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਕੈਰੋਂ ਦੇ ਇੰਚਾਰਜ ਥਾਣੇਦਾਰ ਦਵਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।