ਪੱਤਰ ਪ੍ਰੇਰਕ
ਅਜਨਾਲਾ, 28 ਅਗਸਤ
ਨਸ਼ਿਆਂ ਦੀ ਰੋਕਥਾਮ ਵਿੱਚ ਪ੍ਰਸ਼ਾਸਨ ’ਤੇ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਭਾਜਪਾ ਕਾਰਕੁਨਾਂ ਨੇ ਅੱਜ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਕਾਰਕੁਨਾਂ ਵੱਲੋਂ ਸੂਬਾ ਕਾਰਜਕਾਰਨੀ ਮੈਂਬਰ ਤੇ ਪੰਜਾਬ ਇੰਨਫੋਟੈੱਕ ਦੇ ਸਾਬਕਾ ਵਾਈਸ ਚੇਅਰਮੈਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਅਗਵਾਈ ਹੇਠ ਰੋਸ ਮੁਜਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਬਾਊ ਰਾਮ ਸ਼ਰਨ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਵਾਅਦਾ ਕਰਕੇ ਨਸ਼ਿਆਂ ਦੀ ਰੋਕਥਾਮ ਵਿੱਚ ਅਸਫਲ ਰਹੇ ਅਤੇ ਹੁਣ ਨਵੀਂ ਪੰਜਾਬ ਸਰਕਾਰ ਵਿੱਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਵੱਖ-ਵੱਖ ਤਰ੍ਹਾਂ ਦਾ ਨਸ਼ਾ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਪਿੰਡਾਂ ਤੱਕ ਪੁੱਜ ਚੁੱਕਿਆ ਹੈ, ਜੋ ਪੰਜਾਬ ਦੇ ਭਵਿੱਖ ਲਈ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ ਅਤੇ ਇੱਥੇ ਰਹਿੰਦੇ ਨੌਜਵਾਨ ਨਸ਼ੇ ਵਿੱਚ ਗਲਤਾਨ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮੁੱਦੇ ’ਤੇ ਸਖਤ ਕਾਰਵਾਈ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ। ਇਸ ਮੌਕੇ ਰਮੇਸ਼ ਕੁਮਾਰ, ਕਿਸਾਨ ਮੋਰਚਾ ਦੇ ਸੂਬਾ ਆਗੂ ਬਲਜਿੰਦਰ ਸਿੰਘ ਨੇਪਾਲ, ਅਰਵਿੰਦਰ ਸਿੰਘ ਮਾਨ, ਬੱਬੂ ਜਸਰਾਊਰ, ਵਜੀਰ ਸਿੰਘ, ਚੰਦ ਸਿੰਘ ਆਦਿ ਹਾਜ਼ਰ ਸਨ।