ਪੱਤਰ ਪ੍ਰੇਰਕ
ਤਰਨ ਤਾਰਨ, 31 ਅਕਤੂਬਰ
ਦਲਿਤ ਦਾਸਤਾਨ ਵਿਰੋਧੀ ਅੰਦੋਲਨ ਵਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇਲਾਕੇ ਦੇ ਪਿੰਡ ਕੋਹਾੜਕਾ ਦੇ ਕੋਈ 46 ਬੇਘਰੇ ਗ਼ਰੀਬ ਪਰਿਵਾਰਾਂ ਨੂੰ ਕਾਂਗਰਸ ਸਰਕਾਰ ਵੱਲੋਂ ਘਰ ਬਣਾਉਣ ਲਈ ਦਿੱਤੇ ਪਲਾਟ ਪਿੰਡ ਦੇ ਸਰਪੰਚ ਵੱਲੋਂ ਫਿਰ ਤੋਂ ਆਪਣੇ ਕਬਜ਼ੇ ਵਿੱਚ ਕਰ ਲੈਣ ਖ਼ਿਲਾਫ਼ ਵਿਖਾਵਾ ਕੀਤਾ ਗਿਆ। ਇਸ ਸਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਦਲਿਤ ਦਾਸਤਾਨ ਵਿਰੋਧੀ ਅੰਦੋਲਨ ਦੇ ਝੰਡੇ ਹੇਠ ਪੀੜਤ ਲੋਕਾਂ ਦੇ ਇਕੱਠ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ, ਜਨਰਲ ਸਕੱਤਰ ਜਗਸ਼ੀਰ ਸਿੰਘ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕੁਹਾੜਕਾ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਵਰਤਮਾਨ ਸਰਕਾਰ ਨੇ ਆਉਂਦਿਆਂ ਹੀ ਉਨ੍ਹਾਂ ਨੂੰ ਦਿੱਤੇ ਪਲਾਟ ਖਾਲੀ ਕਰਨ ਦੇ ਹੁਕਮ ਚਾੜ੍ਹ ਦਿੱਤੇ ਜਿਸ ਖਿਲਾਫ਼ ਲੋਕਾਂ ਨੇ ਜਥੇਬੰਧਕ ਤੌਰ ’ਤੇ ਆਪਣੇ ਪਲਾਟਾਂ ਵਿੱਚ 12 ਮਈ ਤੋਂ ਧਰਨਾ ਸ਼ੁਰੂ ਕਰ ਦਿੱਤਾ| ਬੁਲਾਰਿਆਂ ਕਿਹਾ ਕਿ ਬੀਤੀ ਰਾਤ ਨੂੰ ਪਿੰਡ ਦੇ ਸਰਪੰਚ ਦੀ ਅਗਵਾਈ ਵਿੱਚ 80 ਦੇ ਕਰੀਬ ਲੋਕਾਂ ਨੇ ਪਲਾਟਾਂ ’ਤੇ ਉਨ੍ਹਾਂ ਵੱਲੋਂ ਬਣਾਈਆਂ ਛੰਨਾਂ ਨੂੰ ਅੱਗ ਲਗਾ ਦਿੱਤੀ ਅਤੇ ਪਲਾਟਾਂ ਤੇ ਕਬਜ਼ਾ ਕਰੀ ਬੈਠੇ ਪਰਿਵਾਰਾਂ ਦੇ ਮੈਂਬਰਾਂ ਦੀ ਮਾਰ ਕੁੱਟ ਕਰਕੇ ਉਨ੍ਹਾਂ ਨੂੰ ਉਥੋਂ ਭੱਜਣ ਲਈ ਮਜਬੂਰ ਕਰ ਦਿੱਤਾ| ਜਥੇਬੰਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕਰਦਿਆਂ ਔਰਤਾਂ ’ਤੇ ਤਸ਼ੱਦਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ| ਜਥੇਬੰਦੀ ਦੇ ਆਗੂਆਂ ਦੋਸ਼ ਲਗਾਇਆ ਕਿ ਮੌਕੇ ’ਤੇ ਮੌਜੂਦ ਪੁਲੀਸ ਮੂਕ-ਦਰਸ਼ਕ ਬਣੀ ਰਹੀ। ਇਸ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਕਿਸੇ ਨਿਆਂ ਦੀ ਉਮੀਦ ਨਹੀਂ ਹੈ|