ਗੁਰਬਖਸ਼ਪੁਰੀ
ਤਰਨ ਤਾਰਨ, 4 ਅਗਸਤ
ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦਾ ਪੁਨਰ ਗਠਨ ਕਰਨ ਦੇ ਨਾਂ ’ਤੇ ਪਟਵਾਰੀਆਂ ਦੀਆਂ 1056 ਅਸਾਮੀਆਂ ਘਟਾ ਦੇਣ ਖਿਲਾਫ਼ ਅੱਜ ਇੱਥੇ ਦਿ ਰੈਵੇਨਿਊ ਪਟਵਾਰ ਯੂਨੀਅਨ, ਪੰਜਾਬ’ ਦੇ ਝੰਡੇ ਹੇਠ ਜਥੇਬੰਦੀ ਦੀ ਜ਼ਿਲ੍ਹਾ ਇਕਾਈ ਵੱਲੋਂ ਰੋਸ ਵਿਖਾਵਾ ਕਰ ਕੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ|
ਜਥੇਬੰਦੀ ਨੇ ਸਰਕਾਰ ਦੀ ਇਸ ਨੀਤੀ ਖਿਲਾਫ਼ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕੀਤੇ ਗਏ ਇਸ ਵਿਖਾਵੇ ਵਿੱਚ ਜ਼ਿਲ੍ਹੇ ਭਰ ਤੋਂ ਪਟਵਾਰੀਆਂ ਨੇ ਹਿੱਸਾ ਲਿਆ| ਇਸ ਮੌਕੇ ਸੁਖਪ੍ਰੀਤ ਸਿੰਘ ਪੰਨੂੰ ਅਤੇ ਜਸਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਜ਼ਿਲ੍ਹਿਆਂ ਦੀ ਗਿਣਤੀ 13 ਤੋਂ ਵਧ ਕੇ 23 ਅਤੇ ਤਹਿਸੀਲਾਂ ਦੀ ਗਿਣਤੀ 62 ਤੋਂ 96 ਹੋ ਜਾਣ ਨਾਲ ਜਦੋਂ ਪਟਵਾਰੀਆਂ ਤੇ ਕੰਮ ਦਾ ਬੋਝ ਵਧ ਗਿਆ ਹੈ ਤਾਂ ਸਰਕਾਰ ਨੇ ਪਟਵਾਰੀਆਂ ਦੀ ਗਿਣਤੀ 4716 ਤੋਂ 3660 ਤੱਕ ਘਟਾ ਦਿੱਤੀ। ਇਸ ਨਾਲ ਪਟਵਾਰੀਆਂ ’ਤੇ ਕੰਮ ਦਾ ਬੋਝ ਵੱਧ ਗਿਆ ਹੈ| ਆਗੂਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤਹਿਤ ਉਨ੍ਹਾਂ ਦਾ ਕੰਮ ਹੋਰ ਵੀ ਵਧ ਗਿਆ ਹੈ ਜਿਸ ਕਰਕੇ ਅਸਾਮੀਆਂ ਘਟਾਉਣ ਦਾ ਇਹ ਪੱਤਰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ|
ਬਲਾਚੌਰ/ਨਵਾਂਸ਼ਹਿਰ (ਗੁਰਦੇਵ ਸਿੰਘ ਗਹੂੰਣ/ਲਾਜਵੰਤ ਲਾਜ): ‘ਪੰਜਾਬ ਦੇ ਮਾਲ ਪਟਵਾਰੀ ਪਿਛਲੇ ਲੰਬੇ ਸਮੇਂ ਤੋਂ ਕੰਮ ਦੇ ਬੋਝ ਨੂੰ ਹਲਕਾ ਕਰਨ ਲਈ ਪਟਵਾਰੀਆਂ ਦੀਆਂ ਆਸਾਮੀਆਂ ਵਧਾਉਣ ਅਤੇ ਭਰਤੀ ਕਰਨ ਲਈ ਸੰਘਰਸ਼ ਕਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਪਹਿਲਾਂ ਮਨਜ਼ੂਰ ਆਸਾਮੀਆਂ ਨੂੰ ਵਧਾਉਣ ਦੀ ਥਾਂ ’ਤੇ ਘਟਾ ਦਿੱਤਾ ਗਿਆ।’ ਇਹ ਗੱਲ ਰੈਵੇਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਉਂਕਾਰ ਸਿੰਘ, ਕੁਲਵਿੰਦਰ ਸਿੰਘ ਗੁੱਲਪੁਰ, ਰੈਵੇਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਪਲਵਿੰਦਰ ਸੂਦ, ਪਰਗਣ ਸ਼ੀਂਹਮਾਰ ਅਤੇ ਰਵੀ ਕੁਮਾਰ ਬੰਗਾ ਨੇ ਮਾਲ ਪਟਵਾਰੀਆਂ ਵੱਲੋਂ ਨਵਾਂ ਸ਼ਹਿਰ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਲੋਕ ਵਿਰੋਧੀ ਅਤੇ ਮੁਲਾਜ਼ਮ ਮਾਰੂ ਫੈਸਲਾ ਵਾਪਸ ਲਿਆ ਜਾਵੇ ਅਤੇ ਬਣਦੀਆਂ ਹੋਰ ਆਸਾਮੀਆਂ ਮਨਜ਼ੂਰ ਕੀਤੀਆਂ ਜਾਣ। ਇਸ ਮੌਕੇ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਐੱਨ.ਪੀ.ਐੱਸ. ਰੰਧਾਵਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।