ਪੱਤਰ ਪ੍ਰੇਰਕ
ਤਰਨ ਤਾਰਨ, 25 ਫਰਵਰੀ
ਇਲਾਕੇ ਦੀਆਂ ਕਈ ਜਨਤਕ ਜਥੇਬੰਦੀਆਂ ਵਲੋਂ ਅੱਜ ਇਥੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸ਼ਨ ਵਲੋਂ ਬਿਜਲੀ ਦਾ ਪ੍ਰਬੰਧ ਨਿੱਜੀ ਕੰਪਨੀ ਦੇ ਹਵਾਲੇ ਕੀਤੇ ਜਾਣ ਖਿਲਾਫ਼ ਰੋਸ ਵਿਖਾਵੇ ਕੀਤੇ ਗਏ| ਜਥੇਬੰਦੀਆਂ ਵਲੋਂ ਇਸ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਅਰਥੀਆਂ ਵੀ ਫੂਕੀਆਂ ਗਈਆਂ| ਜਮਹੂਰੀ ਕਿਸਾਨ ਸਭਾ ਵਲੋਂ ਬਾਠ ਕਲਾਂ ਦੇ ਬੱਸ ਅੱਡੇ ’ਤੇ ਵਿਖਾਵਾ ਕਰਦਿਆਂ ਇਕੱਤਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਬਾਠ, ਬਲਵਿੰਦਰ ਸਿੰਘ ਬਾਠ, ਬਲਦੇਵ ਸਿੰਘ ਪੰਡੋਰੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਵਲੋਂ ਸਖਤ ਮਿਹਨਤ ਕਰਕੇ ਆਪਣੇ ਖਪਤਕਾਰਾਂ ਨੂੰ 2.50 ਤੋਂ ਲੈ ਕੇ 4.50 ਰੁਪਏ ਤੱਕ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਬਿਜਲੀ ਦਾ ਪ੍ਰਬੰਧ ਜਿਸ ਕੰਪਨੀ ਹਵਾਲੇ ਕਰ ਰਹੀ ਹੈ ਉਹ ਖਪਤਕਾਰਾਂ ਨੂੰ 7.16 ਤੋਂ ਲੈ ਕੇ 8. 90 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਦੇਵੇਗੀ ਜਿਸ ਨਾਲ ਖਪਤਕਾਰਾਂ ਦੀ ਬੇਕਿਰਕ ਲੁੱਟ ਕੀਤੀ ਜਾਵੇਗੀ| ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਵੀ ਜਥੇਬੰਦੀ ਦੇ ਆਗੂ ਜਗਬੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿੱਚ ਅਰਥੀ ਸਾੜੀ ਗਈ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਝਬਾਲ ਵਿੱਚ ਰੋਸ ਵਿਖਾਵਾ ਕਰਕੇ ਪੁਤਲਾ ਸਾੜਿਆ ਗਿਆ|
ਬਿਜਲੀ ਬੋਰਡ ਦੇ ਨਿੱਜੀਕਰਨ ਖ਼ਿਲਾਫ਼ ਕਿਸਾਨਾਂ ’ਚ ਰੋਸ
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਪਿੰਡ ਖੋਖਰ, ਚਿਤੌੜਗੜ੍ਹ, ਵੀਲ੍ਹਾ ਤੇਜਾ, ਮੰਜਿਆਂਵਾਲੀ ਅਤੇ ਭੋਲੇਕੇ ਵਿਚ ਚੰਡੀਗੜ੍ਹ ਦੇ ਬਿਜਲੀ ਬੋਰਡ ਨੂੰ ਕੌਡੀਆਂ ਦੇ ਭਾਅ ਨਿਜੀ ਕੰਪਨੀਆਂ ਨੂੰ ਵੇਚਣ ਦੇ ਵਿਰੋਧ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਖਿਲਾਫ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਯੂ ਟੀ ਬਿਜਲੀ ਬੋਰਡ ਨੂੰ ਵੇਚਣ ਵਾਲੀ ਨੀਤੀ ਰੱਦ ਕਰੇ, ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਐਸਮਾ ਕਾਨੂੰਨ ਦੀ ਵਰਤੋਂ ਬੰਦ ਕੀਤੀ ਜਾਵੇ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਿਤੌੜਗੜ੍ਹ, ਅਜੀਤ ਸਿੰਘ ਖੋਖਰ, ਸਾਹਿਬ ਸਿੰਘ ਖੋਖਰ ਅਤੇ ਤਰਲੋਕ ਸਿੰਘ ਹਾਜ਼ਰ ਸਨ।