ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਦੇ ਪਿੰਡ ਤੁੜ ਦੇ ਲੋਕਾਂ ਨੇ ਅੱਜ ਹੋਈ ਬਾਰਸ਼ ਦੇ ਪਾਣੀ ਦੀ ਪਿੰਡ ਵਿੱਚੋਂ ਨਿਕਾਸੀ ਨਾ ਹੋਣ ਖਿਲਾਫ਼ ਬੀਡੀਪੀਓ ਨੌਸ਼ਹਿਰਾ ਪੰਨੂੰਆਂ ਦੇ ਦਫਤਰ ਸਾਹਮਣੇ ਧਰਨਾ ਦਿੱਤਾ| ਪਿੰਡ ਦੇ ਕਰੀਬ 200 ਮਜ਼ਦੂਰਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ। ਖਫਾ ਲੋਕ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤੇ ਜਾਣ ਦੀ ਮੰਗ ਕਰ ਰਹੇ ਸਨ| ਧਰਨਾਕਾਰੀਆਂ ਦੀ ਅਗਵਾਈ ਜਨਤਕ ਆਗੂ ਸੁਲੱਖਣ ਸਿੰਘ ਤੁੜ ਅਤੇ ਰੇਸ਼ਮ ਸਿੰਘ ਫੈਲੋਕੇ ਨੇ ਕੀਤੀ। ਧਰਨੇ ਦੀ ਸੂਚਨਾ ਮਿਲਦਿਆਂ ਹੀ ਬੀਡੀਪੀਓ ਆਪਣੇ ਦਫਤਰ ਤੋਂ ਚਲੇ ਗਏ। ਪਿੰਡ ਦੇ ਸਾਬਕਾ ਸਰਪੰਚ ਦਿਆਲ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਪਿੰਡ ਦੇ ਛੱਪੜ ਦੀ ਸਫਾਈ ਕੀਤੀ ਗਈ ਹੈ ਪਰ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਾਰਸ਼ ਦਾ ਪਾਣੀ ਲੋਕਾਂ ਲਈ ਮੁਸ਼ਕਲ ਬਣ ਗਿਆ ਹੈ| ਧਰਨਾਕਾਰੀਆਂ ਦੀ ਗੱਲ ਸੁਣਨ ਲਈ ਕਿਸੇ ਅਧਿਕਾਰੀ ਦੇ ਨਾ ਆਉਣ ਕਰਕੇ ਪਿੰਡ ਵਾਸੀਆਂ ਵਲੋਂ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਸੀ।