ਐਨਪੀ. ਧਵਨ
ਪਠਾਨਕੋਟ, 22 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਆਗੂਆਂ ਨੇ ਭੋਆ ਹਲਕੇ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਵੱਲੋਂ ਅਨੁਸੂਚਿਤ ਭਾਈਚਾਰੇ ਦੇ ਨੌਜਵਾਨ ’ਤੇ ਹਮਲਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਵਿਧਾਇਕ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਉਕਤ ਵਿਧਾਇਕ ਦਾ ਪੁਤਲਾ ਵੀ ਫੂਕਿਆ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਕਰ ਰਹੇ ਸਨ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਸਪ੍ਰੀਤ ਸਿੰਘ ਰਾਣਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਵੀ ਆਖਿਆ ਕਿ ਉਹ ਜੋਗਿੰਦਰ ਪਾਲ ਦਾ ਅਸਤੀਫਾ ਲੈਣ ਤੇ ਉਸ ਨੂੰ ਵਿਧਾਨ ਸਭਾ ਵਿਚੋਂ ਮੁਅੱਤਲ ਕਰਨ। ਸ੍ਰੀ ਰਾਣਾ ਨੇ ਇਹ ਵੀ ਐਲਾਨ ਕੀਤਾ ਕਿ ਜਿਥੇ ਕਿਤੇ ਵੀ ਜੋਗਿੰਦਰ ਪਾਲ ਜਾਣਗੇ, ਹਰ ਨੌਜਵਾਨ ਉਨ੍ਹਾਂ ਤੋਂ ਜਵਾਬ ਮੰਗੇਗਾ ਕਿ ਉਹ ਦੱਸਣ ਕਿ ਹਲਕੇ ਵਿਚੋਂ ਨਸ਼ਾ ਖਤਮ ਕਰਨ ਵਾਸਤੇ ਉਨ੍ਹਾਂ ਕੀ ਕੀਤਾ ਹੈ। ਹਲਕੇ ਵਿਚੋਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਤੇ ਕਿੰਨੇ ਵਿਕਾਸ ਕਾਰਜ ਉਨ੍ਹਾਂ ਨੇ ਕਰਵਾਏ ਹਨ। ਵਿਧਾਇਕ ਨੂੰ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ।