ਪੱਤਰ ਪ੍ਰੇਰਕ
ਤਰਨ ਤਾਰਨ, 31 ਅਗਸਤ
ਮਾਰਕੀਟ ਵਿੱਚ ਰੇਤ ਸਮੇਤ ਉਸਾਰੀ ਮਟੀਰੀਅਲ ਦੀ ਭਾਰੀ ਥੁੜ ਦੇ ਚਲਦਿਆਂ ਉਸਾਰੀ ਦੇ ਕੰਮ ਠੱਪ ਹੋਣ ਖ਼ਿਲਾਫ਼ ਉਸਾਰੀ ਮਜ਼ਦੂਰ ਏਕਤਾ ਯੂਨੀਅਨ (ਏਟਕ) ਵਲੋਂ ਇਲਾਕੇ ਦੇ ਪਿੰਡ ਰਟੌਲ ਵਿੱਚ ਅੱਜ ਸੂਬਾ ਸਰਕਾਰ ਖ਼ਿਲਾਫ਼ ਰੋਹ ਭਰਪੂਰ ਵਿਖਾਵਾ ਕੀਤਾ ਗਿਆ| ਵਿਖਾਵਾਕਾਰੀ ਮਿਸਤਰੀਆਂ-ਮਜ਼ਦੂਰਾਂ ਦੀ ਅਗਵਾਈ ’ਚ ਜਥੇਬੰਦੀ ਦੇ ਆਗੂ ਅੰਗਰੇਜ ਸਿੰਘ ਨੇ ਕੀਤੀ| ਇਸ ਮੌਕੇ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਗੋਹਲਵੜ੍ਹ, ਸੁਖਦੇਵ ਸਿੰਘ ਕੋਟ ਧਰਮ ਚੰਦ, ਬਲਦੇਵ ਸਿੰਘ, ਲਖਵਿੰਦਰ ਸਿੰਘ ਜਮਸਤਪੁਰਾ, ਗੁਰਨਾਮ ਸਿੰਘ, ਮਨਪ੍ਰੀਤ ਸਿੰਘ ਕੋਟਲੀ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸੂਬੇ ਅੰਦਰ ਸਰਕਾਰ ਦਾ ਗਠਨ ਕਰਦਿਆਂ ਹੀ ਇਕ ਸਾਜਿਸ਼ ਤਹਿਤ ਲੋਕਾਂ ਦੀ ਲੁੱਟ ਕਰਨ ਲਈ ਉਸਾਰੀ ਮਟੀਰੀਅਲ ਰੇਤ, ਬੱਜਰੀ ਆਦਿ ਦੀ ਕਿੱਲਤ ਪੈਦਾ ਕਰ ਦਿੱਤੀ ਹੈ| ਆਗੂਆਂ ਕਿਹਾ ਕਿ ਇਸ ਕਿੱਲਤ ਦਾ ਲਾਹਾ ਲੈਂਦਿਆਂ ਰੇਤ ਦੇ ਕਾਰੋਬਾਰ ਕਰਨ ਵਾਲਿਆਂ ਨੇ ਤਿੰਨ ਮਹੀਨੇ ਪਹਿਲਾਂ 2000 ਰੁਪਏ ਪ੍ਰਤੀ ਸੈਂਕੜਾ ਮਿਲਦੀ ਰੇਤ ਦਾ ਮੁੱਲ ਚੁੱਕ ਕੇ 6500 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਕਰ ਦਿੱਤਾ ਹੈ|