ਐਨ.ਪੀ.ਧਵਨ
ਪਠਾਨਕੋਟ, 22 ਜੁਲਾਈ
ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਰੋਜ਼ਮਰ੍ਹਾ ਵਰਤੋਂ ਵਿੱਚ ਆਉਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਉੱਪਰ ਜੀਐੱਸਟੀ ਲਗਾ ਕੇ ਆਮ ਜਨਤਾ ’ਤੇ ਬੋਝ ਪਾਉਣ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੁਜਾਨਪੁਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਨ ਵਾਲੇ ਆਗੂਆਂ ਸੂਰਿਆਵੰਸ਼ੀ ਰਾਮ ਨਾਟਕ ਕਲੱਬ ਦੇ ਰਾਮਮੂਰਤੀ ਸ਼ਰਮਾ, ਸੁਖਦੇਵ ਸ਼ਰਮਾ, ਸ਼ਸ਼ੀ ਭਗਤ, ਸੋਮਰਾਜ, ਰੌਕੀ, ਅਭੀ, ਹੈਪੀ, ਰਾਜੂ ਤੇ ਅਸ਼ਵਨੀ ਕੁਮਾਰ ਆਦਿ ਨੇ ਦੱਸਿਆ ਕਿ ਦੇਸ਼ ਦੀ ਕੇਂਦਰ ਸਰਕਾਰ ਮਹਿੰਗਾਈ ਰੋਕਣ ਦੀ ਬਜਾਏ ਆਪਣੀਆਂ ਗਲਤ ਨੀਤੀਆਂ ਨਾਲ ਦੇਸ਼ ਵਿੱਚ ਮਹਿੰਗਾਈ ਨੂੰ ਬੜ੍ਹਾਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਦੇਸ਼ ਵਿੱਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਪਰ ਕੇਂਦਰ ਸਰਕਾਰ ਨੇ ਇਸ ਮਹਿੰਗਾਈ ਨੂੰ ਦੂਰ ਤਾਂ ਕੀ ਕਰਨਾ ਸੀ ਸਗੋਂ ਜ਼ਰੂਰੀ ਵਸਤਾਂ ਆਟਾ, ਦਾਲ, ਪਨੀਰ ਆਦਿ ਉੱਪਰ 5 ਪ੍ਰਤੀਸ਼ਤ ਜੀਐੱਸਟੀ ਲਗਾ ਕੇ ਲੋਕਾਂ ’ਤੇ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਸ, ਡੀਜ਼ਲ, ਪੈਟਰੋਲ ਦੇ ਭਾਅ ਵਧਣ ਨਾਲ ਰੋਜ਼ਮਰ੍ਹਾ ਦੀਆਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ 10 ਤੋਂ 30 ਪ੍ਰਤੀਸ਼ਤ ਵਧ ਗਈਆਂ ਹਨ। ਇਸ ਤਰ੍ਹਾਂ ਲੋਕਾਂ ਦਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।