ਪੱਤਰ ਪ੍ਰੇਰਕ
ਤਰਨ ਤਾਰਨ, 20 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸਰਹੱਦੀ ਖੇਤਰ ਦੇ ਪਿੰਡ ਡੱਲ ਦੀ ਪੰਚਾਇਤ ਦੀ 47 ਏਕੜ ਜ਼ਮੀਨ ਨਿਯਮਾਂ ਦੀ ਉਲੰਘਣਾ ਕਰਕੇ ਬਹੁਤ ਘੱਟ ਠੇਕੇ ’ਤੇ ਦੇਣ ਖਿਲਾਫ਼ ਅੱਜ ਇਥੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਦਫਤਰ ਸਾਹਮਣੇ ਧਰਨਾ ਦੇ ਕੇ ਅਧਿਕਾਰੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ| ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਸੂਬਾ ਆਗੂ ਮੇਜਰ ਸਿੰਘ ਕਸੇਲ ਨੇ ਕੀਤੀ| ਆਗੂਆਂ ਨੇ ਦੋਸ਼ ਲਗਾਇਆ ਕਿ ਪੰਚਾਇਤ ਪ੍ਰਬੰਧਕ ਵਲੋਂ ਪਿੰਡ ਵਾਸੀਆਂ ਨੂੰ ਦੱਸੇ ਬਿਨਾਂ ਹੀ ਹਾਕਮ ਧਿਰ ਦੇ ਹਮਾਇਤੀਆਂ ਨੂੰ ਗੁਪਤ ਤਰੀਕੇ ਨਾਲ ਸਿਰਫ 15,600 ਰੁਪਏ ਪ੍ਰਤੀ ਏਕੜ ਦੇ ਹਿਸਾਬ ਠੇਕੇ ’ਤੇ ਦੇ ਦਿੱਤਾ ਹੈ| ਇਹੋਂ ਜ਼ਮੀਨ ਇਲਾਕੇ ਅੰਦਰ 55,000 ਰੁਪਏ ਤੋਂ ਲੈ ਕੇ 60,000 ਰੁਪਏ ਤੱਕ ਠੇਕੇ ’ਤੇ ਜਾ ਰਹੀ ਹੈ| ਉਨ੍ਹਾਂ ਇਸ ਜ਼ਮੀਨ ਦੀ ਬੋਲੀ ਦੋਬਾਰਾ ਕਰਵਾਏ ਜਾਣ ਦੀ ਮੰਗ ਕੀਤੀ| ਇਸ ਬੇਨਿਯਮੀ ਬਾਰੇ ਜਥੇਬੰਦੀ ਦਾ ਵਫਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਖਵਿੰਦਰ ਸਿੰਘ ਰੰਧਾਵਾ ਨੂੰ ਵੀ ਮਿਲਿਆ। ਡੀਡੀਪੀਓ ਸਤੀਸ਼ ਕੁਮਾਰ ਦੇ ਭਰੋਸੇ ਮਗਰੋਂ ਜਥੇਬੰਦੀ ਨੇ ਧਰਨਾ ਚੁੱਕ ਲਿਆ|