ਪੱਤਰ ਪ੍ਰੇਰਕ
ਤਰਨ ਤਾਰਨ, 30 ਜਨਵਰੀ
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਕੇ ਐਮ ਓ), ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੱਖ ਬੰਦੀਆਂ ਦੀ ਰਿਹਾਈ ਲਈ ਅੱਜ ਇਥੇ ਰੋਸ ਧਰਨਾ ਦਿੱਤਾ| ਜਥੇਬੰਦੀਆਂ ਦੇ ਆਗੂਆਂ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਾਈ ਭੁੱਲਰ ਦੀ ਰਿਹਾਈ ਨੂੰ ਰੋਕ ਕੇ ਉਸ ਨੂੰ ਅਤਿਵਾਦੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ|
ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂ ਬਾਬਾ ਦਰਸ਼ਨ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਸਤਵਿੰਦਰ ਸਿੰਘ, ਹਰਮਨਦੀਪ ਸਿੰਘ, ਵਿਰਸਾ ਸਿੰਘ, ਦਲੇਰ ਸਿੰਘ ਨੇ ਸੰਬੋਧਨ ਕਰਦਿਆਂ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਸਿੰਘਾਂ ਦੀ ਰਿਹਾਈ ਨੂੰ ਭਾਜਪਾ ਅਤੇ ਅਰਵਿੰਦ ਕੇਜਰੀਵਾਲ ਵਲੋਂ ਰੋਕ ਕੇ ਸਿੱਖਾਂ ਨਾਲ ਵੈਰ ਕਮਾਇਆ ਜਾ ਰਿਹਾ ਹੈ| ਆਗੂਆਂ ਨੇ ਕੇਜਰੀਵਾਲ ਨੂੰ ਕੱਟੜ ਮਨੂੰਵਾਦੀ ਆਖਿਆ ਅਤੇ ਕਿਹਾ ਕਿ ਉਹ ਇਹ ਸਾਰਾ ਕੁਝ ਭਾਜਪਾ ਨੂੰ ਖੁਸ਼ ਕਰਨ ਲਈ ਕਰ ਰਿਹਾ ਹੈ| ਆਗੂਆਂ ਨੇ ਕਥਿਤ ਝੂਠੇ ਫੌਜੀ ਹਮਲਿਆਂ ਦੇ ਹਾਮੀ ਕੇਜਰੀਵਾਲ ਵਲੋਂ ਸਿੱਖਾਂ ਨੂੰ ਤਿਰੰਗਾ ਯਾਤਰਾ ਕਰਕੇ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਨੂੰ ਇਕ ਢੌਂਗ ਕਿਹਾ| ਆਗੂਆਂ ਨੇ ਪੰਜਾਬ ਨੂੰ ਕੇਜਰੀਵਾਲ ਵਲੋਂ ਰਾਹ ਦਿਖਾਉਣ ਦੇ ਦਾਅਵੇ ਦੀ ਵੀ ਨਿਖੇਧੀ ਕੀਤੀ|