ਸੁਖਦੇਵ ਸਿੰਘ ਅਜਨਾਲਾ
ਅਜਨਾਲਾ, 23 ਫਰਵਰੀ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਸ਼ਾਂਤਮਈ ਵੋਟਿੰਗ ਹੋਣ ਉਪਰੰਤ ਵੱਖ-ਵੱੱਖ ਉਮੀਦਵਾਰਾਂ ਦਾ ਸਿਆਸੀ ਭਵਿੱਖ ਈਵੀਐੱਮਜ਼ ਵਿੱਚ ਕੈਦ ਹੋ ਗਿਆ ਹੈ ਜੋ ਕਿ 10 ਮਾਰਚ ਨੂੰ ਗਿਣਤੀ ਤੋਂ ਬਾਅਦ ਸਭ ਦੇ ਸਾਹਮਣੇ ਆ ਜਾਵੇਗਾ। ਹਲਕਾ ਅਜਨਾਲਾ ਦੀ ਗੱਲ ਕਰੀਏ ਤਾਂ ਪ੍ਰਸ਼ਾਸ਼ਨ ਵੱਲੋਂ ਈਵੀਐੱਮਜ਼ ਨੂੰ ਸਰਕਾਰੀ ਡਿਗਰੀ ਕਾਲਜ ਅਜਨਾਲਾ ਵਿਖੇ ਸਖਤ ਸਰੁੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ ਜਿਥੇ ਸੁਰੱਖਿਆ ਦਸਤੇ ਰਾਤ-ਦਿਨ ਪਹਿਰਾ ਦੇ ਰਹੇ ਹਨ। ਇੱਥੇ ਹੀ ਅੱਜ ਆਮ ਆਦਮੀ ਪਾਰਟੀ ਵੱਲੋਂ ਕਾਲਜ ਦੇ ਬਾਹਰ ਸੜਕ ’ਤੇ ਟਰਾਲੀ ਖੜ੍ਹੀ ਕਰਕੇ ਉਸ ਵਿੱਚ ਪੱਕਾ ਟੈਂਟ ਲਗਾ ਕੇ ਆਪਣੇ ਤੌਰ ’ਤੇ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪਹੁੰਚੇ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਵਲੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਆਪ ਵਰਕਰਾਂ ਵੱਲੋਂ ਆਪਣੇ ਤੌਰ ’ਤੇ ਕਾਲਜ ਦੇ ਬਾਹਰ ਮਸ਼ੀਨਾਂ ਦੀ ਰਾਖੀ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਵਰਕਰਾਂ ਦੀਆਂ ਟੀਮਾਂ ਰਾਤ ਦਿਨ ਆਪਣੀ ਵਾਰੀ ਦੇ ਹਿਸਾਬ ਨਾਲ ਰੋਜ਼ਾਨਾ ਹਾਜ਼ਰੀ ਭਰਨਗੀਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਾਂਤਮਈ ਮਾਹੌਲ ਵਿੱਚ ਪੋਲਿੰਗ ਹੋਈ ਹੈ ਉਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਗਿਣਤੀ ਹੋਵੇ ਤਾਂ ਹੀ ਪਾਰਟੀ ਵਰਕਰਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਆਪ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਕਈ ਚਾਲਾਂ ਖੇਡ ਰਹੀਆਂ ਹਨ ਪਰ ਸੂਬੇ ਦੇ ਲੋਕ ਇਨ੍ਹਾਂ ਚਾਲਾਂ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ। ਇਸ ਮੌਕੇ ਹਰਬੀਰ ਸਿੰਘ ਬਬਲੂ ਸਿੰਧੀ, ਜਸਪਿੰਦਰ ਸਿੰਘ ਛੀਨਾਂ, ਗਗਨਦੀਪ ਸਿੰਘ, ਸਵਿੰਦਰ ਸਿੰਘ ਮਾਨ, ਸੋਨੂੰ ਡੱਲਾ ਵੀ ਹਾਜ਼ਰ ਸਨ।