ਪੱਤਰ ਪ੍ਰੇਰਕ
ਰਈਆ, 21 ਮਾਰਚ
ਆਰਪੀਆਈ ਅਠਾਵਲੇ ਨੇ ਸੂਬੇ ਦੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਾਉਣ ਲਈ ਪੰਜਾਬ ਦੇ ਕਨਵੀਨਰ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠ ‘ਵਫ਼ਦ’ ਨੇ ਐੱਸਡੀਐੱਮ ਬਾਬਾ ਬਕਾਲਾ ਨਾਲ ਮੁਲਾਕਾਤ ਕੀਤੀ।
ਇਸ ਵਫ਼ਦ ਗੋਪਾਲ ਸਿੰਘ ਉਮਰਾਨੰਗਲ, ਬੀਬਾ ਹਰਪ੍ਰੀਤ ਕੌਰ ਬਲ, ਸੁਖਦੇਵ ਸਿੰਘ ਕਾਲੇ ਕੇ, ਅੰਮ੍ਰਿਤਪਾਲ ਸਿੰਘ ਸਠਿਆਲਾ, ਸ਼ੇਰ ਸਿੰਘ ਮੀਆਂਵਿੰਡ ਆਦਿ ਦੀ ਅਗਵਾਈ ਕਰਦੇ ਹੋਏ ਆਰਪੀਆਈ ਦੇ ਸੂਬਾ ਕਨਵੀਨਰ ਗਿੱਲ ਨੇ ਬਲਾਕ ਰਈਆ ਦੇ 32 ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਪਾਲਣਾ ਕਰਨ ’ਚ ਕੋਤਾਹੀ ਤੋਂ ਕੰਮ ਲੈਣ ਤੇ ਕੋਟੇ ਦੀਆਂ ਸੀਟਾਂ ਨੂੰ ‘ਵੇਚਣ’ ਤੇ ਲਾਭਪਤਾਰੀ ਬੱਚਿਆਂ ਦੇ ਅਧਿਕਾਰਾਂ ਦੇ ਮਾਮਲੇ ਦੀ ‘ਜਾਂਚ’ ਕਰਨ ਦਾ ਮੁੱਦਾ ਐੱਸਡੀਐੱਮ ਬਾਬਾ ਬਕਾਲਾ ਸਾਹਿਬ ਕੋਲ ਉਠਾਇਆ ਹੈ। ਉਨ੍ਹਾਂ ਹਰ ਸੂਚੀ ’ਚ ਸ਼ਾਮਲ ਕੀਤੇ ਗਏ ਪ੍ਰਾਈਵੇਟ ਸਕੂਲਾਂ ਦੇ 2010 ਤੋਂ ਚਾਲੂ ਸਾਲ ਤੱਕ ਦੇ ਸਾਲਾਨਾ ਪ੍ਰਾਸਪੈਕਟਸ ਤੇ ਸਕੂਲਾਂ ਦੇ ਸਵੈ-ਘੋਸ਼ਣਾ ਪੱਤਰਾਂ ਨੂੰ ਤਫ਼ਤੀਸ਼ ਅਧੀਨ ਲਿਆਂਦਾ ਜਾਵੇ ਤਾਂ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ 18 ਨਵੰਬਰ 2010 ਨੂੰ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਸਕੂਲ ’ਚ ਲਾਗੂ ਨਾ ਕਰਨ ਵਾਲਿਆਂ ਦੀ ਸ਼ਨਾਖ਼ਤ ਹੋ ਸਕੇ।
ਉਨ੍ਹਾਂ ਨੇ ਦੱਸਿਆ ਕਿ ਅੱਜ ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਪਬਲਿਕ ਸਕੂਲ ਰਈਆ ਦੀ ਪ੍ਰਿੰਸੀਪਲ ਕਵਿਤਾ ਚਾਹਲ ਨੂੰ ਮਾਪਿਆਂ ਦੀ ਹਾਜ਼ਰੀ ਵਿੱਚ ਮਿਲੇ ਹਾਂ, ਉਨ੍ਹਾਂ ਨੇ ਮਾਪਿਆਂ ਦੀਆਂ ਮੰਗਾਂ ਨਾਲ ਸਹਿਮਤੀ ਹੁੰਦੇ ਹੁੰਦੇ ਕੁਝ ਨੁਕਤਿਆਂ ’ਤੇ ਸਹਿਮਤੀ ਪ੍ਰਗਟਾਈ ਹੈ। ਕੁਝ ਵਿਸ਼ਿਆਂ ਤੇ 24 ਮਾਰਚ 2022 ਨੂੰ ਵਿਚਾਰਦੇ ਹੋਏ ਅੰਤਿਮ ਫ਼ੈਸਲਾ ਲਏ ਜਾਣ ਦਾ ਰਸਮੀ ਐਲਾਨ ਕੀਤਾ ਹੈ।
ਐੱਸਡੀਐੱਮ ਬਾਬਾ ਬਕਾਲਾ ਵਿਰਾਜ ਤਿੜਕੇ ਨੇ ਦੱਸਿਆ ਕਿ ਅੱਜ ਆਰਪੀਆਈ ਅਠਾਵਲੇ ਨਾਲ ਮਾਪਿਆਂ ਨੇ ਮੇਰੇ ਦਫ਼ਤਰ ਪਹੁੰਚ ਕੇ ਪ੍ਰਾਈਵੇਟ ਸਕੂਲਾਂ ਦਾ ਮੁੱਦਾ ਚੁੱਕਿਆ ਹੈ। ਮਾਮਲਾ ਫ਼ੀਸਾਂ ’ਚ ਵਾਧੇ ਅਤੇ ਕੋਟੇ ਦੀਆਂ ਸੀਟਾਂ ਨੂੰ ਬਹਾਲ ਕਰਨ ਨਾਲ ਸਬੰਧਿਤ ਹੈ। ਇਸ ਲਈ ਮੈਂ ਸ਼ਿਕਾਇਤ ਕਰਤਾ ਧਿਰ ਦੀ ਸ਼ਿਕਾਇਤ ਦਾ ਨਿਪਟਾਰਾ ਸਮੇਂ ਸਿਰ ਕਰਦੇ ਹੋਏ ਮਾਪਿਆਂ ਨੂੰ ਰਾਹਤ ਦੇਣ ਦੀ ਜਲਦੀ ਕੋਸ਼ਿਸ਼ ਕਰਾਂਗਾ।