ਦਵਿੰਦਰ ਸਿੰਘ ਭੰਗੂ
ਰਈਆ, 11 ਅਪਰੈਲ
ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਮਨਮਰਜ਼ੀ ਦੀਆਂ ਦੁਕਾਨਾਂ ਤੋ ਕਿਤਾਬਾਂ ਖ਼ਰੀਦਣ ਅਤੇ ਸਕੂਲ ਮਾਲਕਾਂ ਨੂੰ ਕਿਤਾਬਾਂ ਨਾ ਵੇਚਣ ਸਬੰਧੀ ਨਿਰਦੇਸ਼ ਦਿੱਤੇ ਸਨ ਪਰ ਰਈਆ ਵਿੱਚ ਵੱਡੀ ਗਿਣਤੀ ਵਿਚ ਨਿੱਜੀ ਸਕੂਲ ਮਾਲਕਾਂ ਵੱਲੋਂ ਅਜੇ ਵੀ ਕਾਪੀਆਂ ਕਿਤਾਬਾਂ ਸਕੂਲ ਵਿੱਚੋਂ ਹੀ ਖ਼ਰੀਦਣ ਸਬੰਧੀ ਮਜਬੂਰ ਕੀਤਾ ਜਾ ਰਿਹਾ ਹੈ। ਲੁਕਵੇਂ ਢੰਗ ਨਾਲ ਕਿਤਾਬਾਂ ਕਾਪੀਆਂ ਵੇਚਣ ਦਾ ਧੰਦਾ ਨਿਰੰਤਰ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਵੱਲੋ ਪੱਤਰ ਨੰਬਰ ਜੀ-5/2022 70740 ਮਿਤੀ 25/03/22 ਰਾਹੀ ਨਿੱਜੀ ਸਕੂਲਾਂ ਨੂੰ ਨੋਟਿਸ ਭੇਜੇ ਸਨ ਕਿ ਸਕੂਲ ਵਿੱਚ ਕਿਤਾਬਾਂ-ਕਾਪੀਆਂ ਦੀ ਵਿਕਰੀ ਨਾ ਕੀਤੀ ਜਾਵੇ ਅਤੇ ਮਾਪਿਆਂ ਨੂੰ ਕਿਤਾਬਾਂ ਕਾਪੀਆਂ ਖ਼ਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਉਹ ਵਰਦੀਆਂ ਅਤੇ ਕਿਤਾਬਾਂ ਮਰਜ਼ੀ ਦੀ ਦੁਕਾਨ ਤੋਂ ਖ਼ਰੀਦ ਸਕਦੇ ਹਨ ਪਰ ਇੱਥੇ ਜੀ ਟੀ ਰੋਡ ’ਤੇ ਸਥਿੱਤ ਇੱਕ ਵੱਡੇ ਪਬਲਿਕ ਸਕੂਲ ਵਿੱਚ ਅੱਜ ਸਵੇਰੇ ਲਾਇਬਰੇਰੀ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ ਕਾਪੀਆਂ ਵੇਚੀਆਂ ਜਾ ਰਹੀਆਂ ਸਨ ਇੱਕ ਬੱਚੇ ਦੇ ਮਾਪਿਆਂ ਨੇ ਆਪਣਾ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਉਸ ਦਾ ਬੱਚਾ ਦੂਸਰੀ ਕਲਾਸ ਵਿੱਚ ਪੜ੍ਹਦਾ ਹੈ ਅਤੇ ਉਸ ਨੇ ਮੀਮੋ ਨੰਬਰ 1317 ਰਾਹੀ 1800 ਰੁਪਏ ਨਕਦ ਦੇ ਕੇ ਸਕੂਲ ਵਿੱਚੋਂ ਹੀ ਕਿਤਾਬਾਂ ਖ਼ਰੀਦੀਆਂ ਹਨ ਇਸੇ ਤਰ੍ਹਾਂ ਰਸੀਦ ਨੰਬਰ ਵੱਖ ਵੱਖ ਮਾਪਿਆ ਨੇ 603 ਰਾਹੀ 1800 ਰੁਪਏ, 604 ਰਾਹੀ 3250 ਰੁਪਏ ਨਕਦ ਦੇ ਕਿ ਕਿਤਾਬਾਂ ਕਾਪੀਆਂ ਦੀ ਖ਼ਰੀਦ ਸਕੂਲ ਲਾਇਬਰੇਰੀ ਵਿਚੋਂ ਕੀਤੀ ਹੈ।
ਇਸ ਪ੍ਰਤੀਨਿਧ ਵੱਲੋਂ ਸਕੂਲ ਦੀ ਲਾਇਬਰੇਰੀ ਵਿਚ ਜਾ ਕੇ ਦੇਖਿਆ ਕਿ ਉੱਥੇ ਵੱਡੀ ਗਿਣਤੀ ਵਿੱਚ ਕਿਤਾਬਾਂ ਪਈਆਂ ਸਨ ਅਤੇ ਕੰਧ ਉੱਪਰ ਕਲਾਸ ਮੁਤਾਬਿਕ ਰੇਟ ਲਿਸਟ ਵੀ ਚਿਪਕਾਈ ਗਈ ਸੀ। ਇਸ ਸਬੰਧੀ ਡੀਈਉ(ਸੈਕੰਡਰੀ) ਕਮ ਨੋਡਲ ਅਫ਼ਸਰ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਸਥਾਨਕ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਦੀ ਇਸ ਸਬੰਧੀ ਡਿਊਟੀ ਲਗਾਈ ਗਈ ਸੀ ਜਿਸ ਦੀ ਰਿਪੋਰਟ ਦੇ ਅਨੁਸਾਰ ਸਕੂਲ ਲਾਇਬਰੇਰੀ ਵਿੱਚ ਜਿੰਦਰਾ ਲੱਗਾ ਸੀ ਅਤੇ ਕੋਈ ਵੀ ਕਿਤਾਬਾਂ ਅਤੇ ਕਾਪੀਆਂ ਦੀ ਵੰਡ ਨਹੀਂ ਹੋ ਰਹੀ ਸੀ। ਇਸ ਸਬੰਧੀ ਐੱਸਡੀਐੱਮ ਬਾਬਾ ਬਕਾਲਾ ਵਿਰਾਜ ਤਿੜਕੇ ਨੇ ਕਿਹਾ ਕਿ ਇਸ ਸਬੰਧੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਨ ’ਤੇ ਕਿਹਾ ਕਿ ਕਿਸੇ ਵੀ ਨਿੱਜੀ ਸਕੂਲ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇਗਾ।