ਪੱਤਰ ਪ੍ਰੇਰਕ
ਤਰਨ ਤਾਰਨ/ਸ੍ਰੀ ਗੋਇੰਦਵਾਲ ਸਾਹਿਬ, 29 ਜਨਵਰੀ
ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ਦੀ ਹਿਰਾਸਤ ਵਿਚ ਇਕ ਕੈਦੀ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਦਾ ਮਾਮਲਾ ਜੇਲ੍ਹ ਅਧਿਕਾਰੀਆਂ ਦੇ ਨਾਲ ਨਾਲ ਪ੍ਰਸ਼ਾਸ਼ਨ ਦੇ ਗਲੇ ਦੀ ਹੱਡੀ ਬਣ ਗਿਆ ਹੈ| ਮਿ੍ਤਕ ਦੀ ਪਛਾਣ ਮਹਿੰਦਰ ਪਾਲ (42) ਵਾਸੀ ਭਿੱਖੀਵਿੰਡ ਦੇ ਤੌਰ ‘ਤੇ ਹੋਈ ਹੈ| ਅਧਿਕਾਰੀ ਕੈਦੀ ਦੀ ਮੌਤ ਇਥੋਂ ਦੇ ਸਿਵਲ ਹਸਪਤਾਲ ਵਿਚ ਅੱਜ ਐਤਵਾਰ ਨੂੰ ਇਲਾਜ ਦੌਰਾਨ ਹੋਣ ਦਾ ਦਾਅਵਾ ਕਰਦੇ ਹਨ ਜਦੋਂਕਿ ਮ੍ਰਿਤਕ ਦੇ ਪਰਿਵਾਰ ਵਾਲੇ ਮਨਿੰਦਰ ਪਾਲ ਦੀ ਮੌਤ ਬੀਤੀ ਸ਼ਾਮ ਨੂੰ ਹੀ ਹੋਣ ਦਾ ਦੋਸ਼ ਲਗਾ ਰਹੇ ਹਨ| ਮ੍ਰਿਤਕ ਪਰਿਵਾਰ ਮਹਿੰਦਰ ਪਾਲ ਦੀ ਮੌਤ ਲਈ ਪੂਰੀ ਤਰ੍ਹਾਂ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ| ਮਹਿੰਦਰ ਪਾਲ ਦੀ ਪਤਨੀ ਬਲਜਿੰਦਰ ਕੌਰ ਨੀਟਾ, ਛੋਟੇ ਭਰਾ ਗੁਰਪ੍ਰੀਤ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਅੱਜ ਇਥੇ ਸਿਵਲ ਹਸਪਤਾਲ ਵਿਚ ਇਸ ਪ੍ਰਤੀਨਿਧੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਕਈ ਦਿਨਾਂ ਤੋਂ ਫੋਨ ਆ ਰਹੇ ਸਨ ਜਿਸ ਵਿਚ ਉਹ ਆਪਣੀ ਸਿਹਤ ਦੇ ਠੀਕ ਨਾ ਹੋਣ ਦੀ ਦੁਹਾਈ ਪਾਉਂਦਾ ਹੋਇਆ ਜੇਲ੍ਹ ਦੇ ਅਧਿਕਾਰੀਆਂ ਵਲੋਂ ਉਸ ਦਾ ਇਲਾਜ ਕਰਵਾਉਣ ਦੀ ਸ਼ਿਕਾਇਤ ਕਰ ਰਿਹਾ ਸੀ| ਉਨ੍ਹਾਂ ਕਿਹਾ ਕਿ ਬੀਤੀ ਰਾਤ ਨੂੰ ਮਹਿੰਦਰ ਪਾਲ ਦੀ ਮੌਤ ਹੋ ਗਈ ਸੀ| ਉਨ੍ਹਾਂ ਅਧਿਕਾਰੀਆਂ ਤੇ ਉਸ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਦਾ ਦੋਸ਼ ਲਗਾਇਆ| ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਬਕਾਇਦਾ ਤੌਰ ‘ਤੇ ਨਿਆਂਇਕ ਜਾਂਚ ਕੀਤੀ ਜਾਣੀ ਹੈ ਜਿਸ ਤਹਿਤ ਲਾਸ਼ ਦਾ ਪੋਸਟ ਮਾਰਟਮ ਜਿਲ੍ਹਾ ਅਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਤੇ ਡਾਕਟਰਾਂ ਦੇ ਬੋਰਡ ਵਲੋਂ ਕੀਤਾ ਜਾਣਾ ਹੈ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਣੀ ਹੈ ਅਤੇ ਇਸ ਦੀ ਰਿਪੋਰਟ ਦੇ ਅਧਾਰ ‘ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ| ਐਸਐਸਪੀ ਨੇ ਕਿਹਾ ਕਿ ਲਾਸ਼ ਦਾ ਪੋਸਟ ਮਾਰਟਮ ਭਲਕੇ ਸੋਮਵਾਰ ਨੂੰ ਕੀਤਾ ਜਾਵੇਗਾ|