ਨਿੱਜੀ ਪੱਤਰ ਪ੍ਰੇਰਕ
ਬਟਾਲਾ, 10 ਅਕਤੂਬਰ
ਬਟਾਲਾ ਦੇ ਚੰਦਰ ਨਗਰ ਮੁਹੱਲੇ ਦੇ ਵਸਨੀਕ ਰਾਜਿੰਦਰ ਕੁਮਾਰ ਬੌਬੀ ਤੇ ਨਰਗਿਸ ਦਾ ਪੁੱਤਰ ਪ੍ਰਿੰਸ ਕੁਮਾਰ ਨੇ ਪੀਟੀਸੀ ਵੁਆਇਸ ਆਫ਼ ਪੰਜਾਬ (ਲਿਟਲ ਚੈਂਪ) ਸੀਜ਼ਨ- 7 ਦਾ ਖਿਤਾਬ ਜਿੱਤ ਕੇ ਆਪਣੇ ਮਾਪਿਆਂ ਅਤੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸ ਸੇਂਟ ਫਰਾਂਸਿਸ ਸਕੂਲ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਚਾਰ ਸਾਲ ਦੀ ਉਮਰ ਤੋਂ ਗਾਇਕੀ ਸਿੱਖ ਰਿਹਾ ਹੈ। ਉਸ ਨੇ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਭਾਗ ਲਿਆ ਤੇ ਖ਼ਿਤਾਬ ਆਪਣੇ ਨਾਂ ਕਰ ਲਿਆ। ਖ਼ਿਤਾਬ ਜਿੱਤਣ ਮਗਰੋਂ ਬਟਾਲਾ ਸ਼ਹਿਰ ਵਾਪਸ ਆਉਣ ’ਤੇ ਅੱਜ ਪ੍ਰਿੰਸ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੰਸਥਾ ਸਹਾਰਾ ਕਲੱਬ ਨੇ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖ ਕੇ ਪ੍ਰਿੰਸ ਕੁਮਾਰ ਨੂੰ ‘ਬਟਾਲੇ ਦਾ ਮਾਣ’ ਖ਼ਿਤਾਬ ਨਾਲ ਸਨਮਾਨਿਆ। ਸਨਮਾਨ ਦੇਣ ਵਾਲਿਆਂ ਵਿੱਚ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ ਤੇ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਹਰਪੁਰਾ, ਕੌਂਸਲਰ ਰਵਿੰਦਰ ਤੁਲੀ, ਅਸ਼ੋਕ ਲੂਨਾ, ਐੱਸਡੀਓ ਪਾਵਰਕੌਮ ਸੁਖਜਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।