ਪੱਤਰ ਪ੍ਰੇਰਕ
ਤਰਨ ਤਾਰਨ, 6 ਨਵੰਬਰ
ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਥੇ ਗਾਂਧੀ ਮਿਉਂਸਪਲ ਪਾਰਕ ਵਿੱਚ ਇਕ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ 28 ਨਵੰਬਰ ਨੂੰ ਲੁਧਿਆਣਾ ਵਿੱਚ ਕੀਤੀ ਜਾਣ ਵਾਲੀ ਰੈਲੀ ਵਿੱਚ ਸਮਾਜ ਦੇ ਸਭਨਾਂ ਵਰਗਾਂ ਨੂੰ ਸ਼ਾਮਲ ਕਰਵਾਉਣ ਲਈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਦੀ ਨੀਤੀ ਤਿਆਰ ਕੀਤੀ| ਮੀਟਿੰਗ ਵਿੱਚ ਦਿਹਾਤੀ ਮਜ਼ਦੂਰ ਸਭਾ, ਜ਼ਮਹੂਰੀ ਕਿਸਾਨ ਸਭਾ, ਸੈਂਟਰ ਆਫ਼ ਟਰੇਡ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ ਆਦਿ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ| ਚਮਨ ਲਾਲ ਦਰਾਜਕੇ ਦੀ ਅਗਵਾਈ ਹੇਠ ਕੀਤੀ ਇਸ ਮੀਟਿੰਗ ਨੂੰ ਜ਼ਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਪੰਜਾਬ ਬਚਾਓ, ਕਾਰਪੋਰੇਟ ਭਜਾਓ’ ਦੇ ਨਾਅਰੇ ਤਹਿਤ ਕੀਤੀ ਜਾਣ ਵਾਲੀ ਇਸ ਰੈਲੀ ਵਿੱਚ ਦਿੱਲੀ ਦੇ ਕਿਸਾਨ ਮੋਰਚਾ ਨੂੰ ਇਕ ਨਵੀਂ ਸੇਧ ਦਿੱਤੀ ਜਾਵੇਗੀ ਜਿਹੜੀ ਕੇਂਦਰ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾ ਸੁੱਟੇਗੀ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਦੇਸ਼ ਦੇ ਕਿਸਾਨਾਂ ਦੇ ਹੌਸਲੇ ਦੇਖ ਕੇ ਘਬਰਾ ਚੁੱਕੀ ਹੈ| ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਲਈ ਕਾਰਪੋਰੇਟ ਘਰਾਣਿਆਂ ਨੂੰ ਵਗਾਹ ਮਾਰਨ ਦਾ ਸਮਾਂ ਆ ਚੁੱਕਾ ਹੈ ਜਿਸ ਨੇ ਲੋਕ ਪੱਖੀ ਨੀਤੀਆਂ ਨੂੰ ਅਮਲ ਵਿੱਚ ਲਿਆਉਣ ਦਾ ਰਾਹ ਸਾਫ਼ ਕਰਨਾ ਹੈ। ਉਨ੍ਹਾਂ ਕਿਹਾ ਇਨ੍ਹਾਂ ਨੀਤੀਆਂ ਕਰਕੇ ਹੀ ਸਿੱਖਿਆ, ਰੁਜ਼ਗਾਰ, ਸਿਹਤ ਸੇਵਾਵਾਂ, ਜਨਤਕ ਅਦਾਰਿਆਂ ਨੇ ਆਮ ਲੋਕਾਂ ਲਈ ਸੇਵਾਵਾਂ ਦੇਣੀਆਂ ਹਨ|