ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਮਈ
ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੱਜ ਈਦ-ਉਲ-ਫ਼ਿਤਰ ਦੇ ਮੌਕੇ ’ਤੇ ਇੰਤਜਾਮੀਆ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਦੀ ਅਗਵਾਈ ਹੇਠ ਸਮਾਜਿਕ ਦੂਰੀ ਨੂੰ ਕਾਇਮ ਰੱਖਦਿਆਂ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ। ਇਸ ਮੌਕੇ ਬੋਲਦਿਆਂ ਖੁਰਸ਼ੀਦ ਅਹਿਮਦ ਨੇ ਮੁਸਲਿਮ ਭਾਈਚਾਰੇ ਨੂੰ ਖੁੱਲ੍ਹੇ ਦਿਲ ਨਾਲ ਲੋੜਵੰਦ ਗਰੀਬ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਸਾਰਿਆਂ ਨੂੰ ਆਪਸੀ ਭੇਦਭਾਵ ਭੁਲਾ ਕੇ ਇਕਜੁੱਟ ਹੋ ਕੇ ਪਿਆਰ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੰਦੇਸ਼ ਦਿੱਤਾ। ਇਸੇ ਤਰ੍ਹਾਂ ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੇ ਉਤਸ਼ਾਹ ਨਾਲ ਈਦ ਦਾ ਤਿਉਹਾਰ ਮਨਾਇਆ। ਸਕੂਲ ਦੀ ਡਾਇਰਕੈਟਰ ਉਰਮਿਲ ਸੂਦ ਨੇ ਈਦ-ਉਲ-ਫਿਤਰ ਮੌਕੇ ਵਿਦਿਆਰਥੀਆਂ ਦੇ ਨਾਂ ਆਪਣੇ ਸੰਦੇਸ਼ ’ਚ ਕਿਹਾ ਕਿ ਈਦ-ਉਲ-ਫਿਤਰ ਮੁਸਲਿਮ ਭਾਈਚਾਰੇ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਈਦ ਦਾ ਤਿਉਹਾਰ ਭਾਈਚਾਰਾ, ਤਿਆਗ, ਸਮਰਪਣ ਤੇ ਇਨਸਾਨੀਅਤ ਦਾ ਪੈਗਾਮ ਦਿੰਦਾ ਹੈ।
ਫਗਵਾੜਾ (ਪੱਤਰ ਪ੍ਰੇਰਕ): ਅੱਜ ਪਲਾਹੀ ਦੀ ਮਦੀਨਾ ਮਸਜਿਦ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਕਰੋਨਾ ਸਬੰਧੀ ਜਾਰੀ ਹਦਾਇਤਾਂ ਮੁਤਾਬਿਕ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਸਰਵਰ ਗ਼ੁਲਾਮ ਸੱਬਾ ਦੀ ਅਗਵਾਈ ’ਚ ਸੰਖੇਪ ਰੂਪ ਵਿੱਚ ਨਮਾਜ਼ ਅਦਾ ਕਰ ਮਨਾਇਆ ਗਿਆ। ਮਦੀਨਾ ਮਸਜਿਦ ਪਲਾਹੀ ਵਿੱਚ ਸਮਾਗਮ ਦੌਰਾਨ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਐਗਰੋ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜਥੇਦਾਰ ਸਰਵਣ ਸਿੰਘ ਕੁਲਾਰ, ਐੱਸ ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਆਦਿ ਨੇ ਵੀ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਪਿੰਡ ਉਦੇਸੀਆਂ ਸਥਿਤ ਦਰਬਾਰ ਸਾਈਂ ਜੁੰਮਲੇ ਸ਼ਾਹ ਜੀ ਵਿੱਚ ਈਦ ਦਾ ਤਿਉਹਾਰ ਗੱਦੀ ਨਸ਼ੀਨ ਬੀਬੀ ਸ਼ਰੀਫਾਂ ਦੀ ਦੇਖ ਰੇਖ ਹੇਠ ਮਨਾਇਆ ਗਿਆ। ਸਵੇਰੇ ਸਭ ਤੋਂ ਪਹਿਲਾਂ ਨਮਾਜ਼ ਅਦਾ ਕੀਤੀ ਤੇ ਫਿਰ ਸਰਬੱਤ ਦੇ ਭੱਲੇ ਲਈ ਅਰਦਾਸ ਕੀਤੀ। ਸੇਵੀਆਂ ਦਾ ਲੰਗਰ ਵੀ ਲਗਾਇਆ ਗਿਆ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ ਈਦ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਉਪਰਲਾ ਮਨਵਾਲ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੂੰ ਈਦ ਦੀ ਮੁਬਾਰਕਵਾਦ ਦਿੱਤੀ ਅਤੇ ਮਠਿਆਈ ਵੰਡੀ। ਠਾਕੁਰ ਅਮਿਤ ਸਿੰਘ ਮੰਟੂ ਨੇ ਪਵਿੱਤਰ ਤਿਉਹਾਰ ਮੌਕੇ ਉਨ੍ਹਾਂ ਦੇ ਘਰ-ਘਰ ਜਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ।
ਕਾਦੀਆਂ (ਪੱਤਰ ਪ੍ਰੇਰਕ): ਕਾਦੀਆਂ ਵਿੱਚ ਈਦ ਉਲ ਫ਼ਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਆਪਣੇ ਘਰਾਂ ਵਿੱਚ ਰਹਿਕੇ ਜੋਸ਼ ਨਾਲ ਮਨਾਇਆ ਗਿਆ। ਇਸ ਸਬੰਧੀ ਚੌਧਰੀ ਮਨਸੂਰ ਨੇ ਦੱਸਿਆ ਕਿ ਅੱਜ ਈਦ ਦੀ ਨਮਾਜ਼ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਘਰ ਵਿੱਚ ਪੜ੍ਹੀ ਤੇ ਨਮਾਜ਼ ਤੋਂ ਬਾਅਦ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।