
ਅੰਮ੍ਰਿਤਸਰ ਵਿੱਚ ਇਕੱਠ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਆਰਐੱਮਪੀਆਈ ਦੇ ਮੈਂਬਰ। -ਫੋਟੋ: ਵਿਸ਼ਾਲ ਕੁਮਾਰ
ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਦਸੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਸੂਬਾਈ ਸੱਦੇ ’ਤੇ ਅੱਜ ਅੰਮ੍ਰਿਤਸਰ ਵਿੱਚ ਉੱਚੇ ਪੁਲ ’ਤੇ ਪਲਾਜ਼ਾ ਮਾਰਕੀਟ ਵਿੱਚ ਧਰਮ ਨਿਰਪੱਖਤਾ, ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਲਈ ਪ੍ਰਤਿਗਿਆ ਦਿਵਸ ਮਨਾਇਆ ਗਿਆ। ਇਸ ਮੌਕੇ ਪਾਰਟੀ ਦੇ ਝੰਡੇ ਹੱਥਾਂ ’ਚ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹੇ ਭਰ ਤੋਂ ਪਾਰਟੀ ਦੇ ਆਗੂ ਤੇ ਕਾਰਕੁਨ ਇਸ ਇਕੱਠ ਵਿੱਚ ਸ਼ਾਮਲ ਹੋਏ।
ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪਾਰਟੀ ਦੇ ਪ੍ਰਮੁੱਖ ਆਗੂਆਂ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ , ਅਮਰੀਕ ਸਿੰਘ ਦਾਊਦ, ਸੁਰਜੀਤ ਸਿੰਘ ਦੁਧਰਾਏ ਤੇ ਕਿਰਪਾਲ ਸਿੰਘ ਨੇ ਸਾਝੇ ਤੌਰ ’ਤੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਰਐੱਮਪੀਆਈ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦਾ ਦਿਨ ਹੋਰ ਵੀ ਮਹਾਨਤਾ ਵਾਲਾ ਹੈ ਕਿਉਂਕਿ ਇਸ ਦਿਨ ਡਾਕਟਰ ਅੰਬੇਡਕਰ ਦੀ ਯਾਦ ਵਿੱਚ ਸਾਰੇ ਦੇਸ ਵਿਚ ਪ੍ਰੀਨਿਰਵਾਣ ਦਿਵਸ ਮਨਾਇਆ ਜਾਂਦਾ ਹੈ। ਸਾਥੀ ਰੰਧਾਵਾ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਸੂਬਿਆਂ ਦੇ ਅਧਿਕਾਰਾਂ ’ਤੇ ਕਥਿਤ ਤੌਰ ’ਤੇ ਛਾਪੇ ਮਾਰ ਰਹੀ ਹੈ ਅਤੇ ਜਮੂਹਰੀਅਤ ਤਾਕਤਾਂ ਨੂੰ ਢਾਹ ਲਾਈ ਜਾ ਰਹੀ ਹੈ। ਇਸ ਨੂੰ ਰੋਕਣ ਲਈ ਦੇਸ਼ ਵਾਸੀਆਂ ਤੇ ਅਗਾਂਹਵਧੂ ਤਾਕਤਾਂ ਨੂੰ ਇਕੱਠੇ ਹੋ ਕੇ ਸੰਘਰਸ਼ ਨੂੰ ਤੇਜ਼ ਕਰਨਾ ਸਮੇਂ ਦੀ ਲੋੜ ਹੈ। ਇਸੇ ਤਰ੍ਹਾਂ ਮੁਖਤਿਆਰ ਸਿੰਘ ਮੁਹਾਵਾ, ਡਾ. ਗੁਰਮੇਜ ਸਿੰਘ ਤਿਮੋਵਾਲ, ਕੁਲਵੰਤ ਸਿੰਘ ਮੱਲੂਨੰਗਲ, ਬਲਦੇਵ ਸਿੰਘ ਸੈਦਪੁਰ ਤੇ ਸੀਤਲ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਾਰੇ ਵਾਅਦੇ ਤੇ ਗਰੰਟੀਆਂ ਤੋਂ ਭੱਜ ਰਹੀ ਹੈ। ਸੂਬੇ ਵਿੱਚ ਅਮਨ-ਕਨੂੰਨ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਕਿਹਾ ਸੀ ਕਿ ਚਿੱਟੇ ਸਮੇਤ ਸਾਰੇ ਨਸ਼ਿਆਂ ਨੂੰ ਨੱਥ ਪਾਈ ਜਾਵੇਗੀ ਪਰੰਤੂ ਇਹ ਸਭ ਕੁਝ ਵੱਧਦਾ ਜਾ ਰਿਹਾ ਹੈ।
ਦੇਸ਼ ਵਾਸੀਆਂ ਨੂੰ ਇਕਜੁਟ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ
ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਸਾਰਾ ਕੁਝ ਸਾਮਰਾਜੀ ਸ਼ਕਤੀਆਂ ਤੇ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ ਜਿਸ ਨਾਲ ਗਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਚਾਰ ਅਸਮਾਨ ਛੋਹ ਰਿਹਾ ਹੈ। ਇਸ ਨੂੰ ਰੋਕਣ ਲਈ ਦਿੱਲੀ ਮੋਰਚੇ ਦੀ ਤਰਜ਼ ’ਤੇ ਜਥੇਬੰਦ ਹੋ ਕਿ ਦੇਸ਼ ਵਾਸੀਆਂ ਤਿੱਖਾ ਸੰਘਰਸ਼ ਵਿੱਢਣ ਦੀ ਲੋੜ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ