ਗੁਰਬਖਸ਼ਪੁਰੀ
ਤਰਨ ਤਾਰਨ, 6 ਫਰਵਰੀ
ਪ੍ਰਦੀਪ ਕਤਲ ਕਾਂਡ ਐਕਸ਼ਨ ਕਮੇਟੀ ਗੰਡੀਵਿੰਡ ਵੱਲੋਂ ਇੱਥੇ ਆਪਣੀ 12 ਦਿਨਾਂ ਦੀ ਲੜੀਵਾਰ ਭੁੱਖ ਹੜਤਾਲ ਖ਼ਤਮ ਕਰਦਿਆਂ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਗਈ| ਇਸ ਮੌਕੇ ਭੁੱਖ ਹੜਤਾਲੀ ਕੈਂਪ ਵਿੱਚ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਪ੍ਰਦੀਪ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ| ਜਥੇਬੰਦੀ ਇੱਕ ਸਕੂਲ ਵਿਦਿਆਰਥੀ ਪ੍ਰਦੀਪ ਸਿੰਘ ਦੀ ਗੋਇੰਦਵਾਲ ਸਾਹਿਬ ਪੁਲੀਸ ਹਿਰਾਸਤ ਵਿੱਚ ਕਰੀਬ 20 ਸਾਲ ਪਹਿਲਾਂ ਹੋਈ ਮੌਤ ਦੇ ਸਬੰਧ ਵਿੱਚ ਨਿਆਂ ਲੈਣ ਲਈ ਲਗਾਤਾਰ ਅੰਦੋਲਨ ਦੇ ਰਾਹ ’ਤੇ ਹੈ| ਜਥੇਬੰਦੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਕਥਿਤ ਦੋਸ਼ੀ ਪੁਲੀਸ ਅਧਿਕਾਰੀ ਹਰਭਜਨ ਸਿੰਘ ਨੂੰ ਭਗੌੜਾ ਅਪਰਾਧੀ ਹੋਣ ਦੇ ਬਾਵਜੂਦ ਵਿਭਾਗੀ ਤਰੱਕੀ ਅਤੇ ਸੇਵਾ ਮੁਕਤੀ ਦੇ ਲਾਭ ਦੇਣ ਵਿੱਚ ਮਦਦ ਕਰਨ ਵਾਲੇ ਕਰਮਚਾਰੀਆਂ ਖਿਲਾਫ਼ ਵੀ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ| ਜਥੇਬੰਦੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਮਹਿਲਾਵਾਂ ’ਤੇ ਹੁੰਦੇ ਅਤਿਆਚਾਰਾਂ ਤੇ ਸਮਾਜਿਕ ਕੁਰੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ| ਇਸ ਮੌਕੇ ਬਾਬਾ ਸੁੱਖਾ ਸਿੰਘ ਝਾੜ ਸਾਹਿਬ, ਪਰਵਿੰਦਰ ਸਿੰਘ, ਪਰਗਟ ਸਿੰਘ ਪੰਡੋਰੀ, ਜਰਨੈਲ ਸਿੰਘ, ਗੁਰਦੇਵ ਸਿੰਘ ਨੌਸ਼ਹਿਰਾ ਪੰਨੂੰਆਂ ਤੇ ਵਿਜੇ ਕੁਮਾਰ ਜੋਸ਼ੀ ਨੇ ਵੀ ਸੰਬੋਧਨ ਕੀਤਾ|