ਪੱਤਰ ਪ੍ਰੇਰਕ
ਚੇਤਨਪੁਰਾ, 24 ਅਪਰੈਲ
ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਅਰਬਨ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਅਤੇ ਕ੍ਰਿਸ਼ਨ ਸਿੰਘ ਜੇਠੂਵਾਲ ਦੀ ਅਗਵਾਈ ਹੇਠ ਬਲਾਕ ਹਰਸ਼ਾ ਛੀਨਾ ਕੁੱਕੜਾਵਾਲਾ ਵਿਚ ਟੀਐੱਸਯੂ ਦੀ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਮਹਿਕਮੇ ਅੰਦਰ ਪੁਨਰਗਠਨ ਦੇ ਨਾਂਅ ਹੇਠ ਸਬ-ਸਟੇਸ਼ਨਾਂ ਦੀਆਂ ਜੇਈ, ਐਸਐਸਏ, ਓਸੀ, ਆਰਟੀਐੱਮ, ਡਰਾਈਵਰ, ਚੌਕੀਦਾਰ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਆਉਣ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਪਰ ਇਸ ਦੇ ਉਲਟ ਰੁਜ਼ਗਾਰ ਦੇ ਮੌਕੇ ਖ਼ਤਮ ਕੀਤੇ ਜਾ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ, ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਰੱਦ ਕੀਤੀਆਂ ਜਾਣ, ਵਧੇ ਵਰਕਲੋਡ ਮੁਤਾਬਕ ਅਸਾਮੀਆਂ ਦੀ ਰਚਨਾ ਕਰ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਆਊਟ ਸੋਰਸਿੰਗ ਤੇ ਨਿੱਜੀਕਰਨ ਦੀ ਨੀਤੀ ਰੱਦ ਕਰ ਕੇ ਹਰ ਤਰ੍ਹਾਂ ਦੇ ਠੇਕਾ ਕਾਮਿਆਂ ਨੂੰ ਮਹਿਕਮੇ ਅੰਦਰ ਰੈਗੂਲਰ ਕੀਤਾ ਜਾਵੇ।