ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 8 ਜੁਲਾਈ
ਅੱਜ ਕਿਸਾਨ ਆਗੂਆਂ ਅਤੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਦਰਮਿਆਨ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਪਿੰਡ ਮੁੰਡਾਪਿੰਡ ਵਿੱਚ ਸਬ ਡਵੀਜ਼ਨ ਫਤਿਆਬਾਦ ਦੇ ਐੱਸਡੀਓ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪਾਵਰਕੌਮ ਮੁਲਾਜ਼ਮ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੇ ਨਾਜਾਇਜ਼ ਚੱਲ ਰਹੇ ਟਿਊਬਵੈੱਲਾਂ ’ਤੇ ਕਾਰਵਾਈ ਕਰਨ ਆਏ ਤਾਂ ਕਿਸਾਨ ਆਗੂਆਂ ਨੇ ਪਾਵਰਕੌਮ ਅਧਿਕਾਰੀਆਂ ਨੂੰ ਰਸਤਾ ਰੋਕ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨਜ਼ਰਬੰਦ ਕਰ ਲਿਆ।
ਪਾਵਰਕੌਮ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਕਈ ਕਿਸਾਨਾਂ ਦੀਆਂ ਕਥਿਤ ਤੌਰ ’ਤੇ ਚੱਲ ਰਹੀਆਂ ਨਾਜਾਇਜ਼ ਮੋਟਰਾਂ ਅਤੇ ਕੇਬਲਾਂ ਆਦਿ ਬਰਾਮਦ ਕੀਤੀਆਂ ਗਈਆਂ। ਜਿਸਦੇ ਚੱਲਦੇ ਗੁੱਸੇ ਵਿੱਚ ਆਏ ਕਿਸਾਨਾਂ ਵੱਲੋਂ ਪਾਵਰਕੌਮ ਦੇ ਮੁਲਾਜ਼ਮਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਦੇ ਹੁੰਦੇ ਇਕੱਠ ਨੂੰ ਦੇਖ ਕੇ ਪਾਵਰਕੌਮ ਦੇ ਮੁਲਾਜ਼ਮ ਨੇੜੇ ਦੇ ਗੁਰਦੁਆਰਾ ਸਾਹਿਬ ਅੰਦਰ ਚਲੇ ਗਏ। ਜਿੱਥੇ ਪਿੰਡ ਵਾਸੀਆਂ ਵੱਲੋਂ ਗੁਰਦਵਾਰਾ ਸਾਹਿਬ ਨੂੰ ਜਾਂਦਾ ਰਸਤਾ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕਾਫੀ ਹੰਗਾਮਾ ਹੋ ਗਿਆ। ਕਾਫੀ ਹੰਗਾਮੇ ਤੋਂ ਬਾਅਦ ਕਿਸਾਨ ਆਗੂਆਂ ਅਤੇ ਪਾਵਰਕੌਮ ਦੇ ਅਧਿਕਾਰੀਆਂ ਦਰਮਿਆਨ ਮੁਸ਼ਕਿਲ ਨਾਲ ਮੀਟਿੰਗ ਹੋ ਸਕੀ। ਜਿਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪਾਵਰਕੌਮ ਵੱਲੋਂ ਫੜੀਆਂ ਕੇਬਲਾਂ ਵਾਪਿਸ ਕਰਨ ਅਤੇ ਸੰਬਧਿਤ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਲਈ ਕਿਹਾ। ਜਿਸ ਦੌਰਾਨ ਦੋਨਾਂ ਧਿਰਾਂ ਦੀ 15 ਹਜ਼ਾਰ ਦੀ ਸੀਜ਼ਨ ਦੀ ਪਰਚੀ ਕਟਵਾਉਣ ਦੇ ਮੁੱਦੇ ’ਤੇ ਸਹਿਮਤੀ ਬਣ ਸਕੀ।
ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਫਤਿਆਬਾਦ ਦੇ ਐੱਸਡੀਓ ਗੁਰਮੀਤ ਸਿੰਘ ਨੇ ਦੱਸਿਆ ਕਿ ਐਕਸੀਅਨ ਪੱਟੀ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਸਾਰੇ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।