ਲਖਨਪਾਲ ਸਿੰਘ
ਮਜੀਠਾ, 6 ਜਨਵਰੀ
ਪੈਨਸ਼ਨਰਜ਼ ਐਸੋਸੀਏਸ਼ਨ, ਟੀਐੱਸਯੂ, ਟੀਐੱਸਯੂ (ਭੰਗਲ), ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਅਤੇ ਐਮ.ਐਸ.ਯੂ ਪਾਵਰਕੌਮ ਦੀਆਂ ਪੰਜ ਜਥੇਬੰਦੀਆਂ ਵੱਲੋ ਬਿਜਲੀ ਦਫਤਰ ਮਜੀਠਾ ਸਾਹਮਣੇ ਰੋਸ ਰੈਲੀ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਲੁਭਾਇਆ, ਸਕੱਤਰ ਜੋਗਿੰਦਰ ਸਿੰਘ ਸੋਹੀ, ਦਲਵਿੰਦਰ ਸਿੰਘ ਸੁਪਾਰੀਵਿੰਡ, ਟੀ.ਐੱਸ.ਯੂ ਭੰਗਲ ਦੇ ਆਗੂ ਸੁਖਪਾਲ ਸਿੰਘ, ਐੱਮ.ਐੱਸ.ਯੂ ਦੇ ਆਗੂ ਦਵਿੰਦਰ ਸਿੰਘ ਬੱਗਾ, ਨਰਿੰਦਰ ਕੁਮਾਰ, ਸੰਦੀਪ ਸਿੰਘ, ਟੀਐੱਸਯੂ ਦੇ ਆਗੂ ਗੁਰਮੀਤ ਸਿੰਘ ਕੋਟਲਾ, ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਤੇ ਹਰਜੀਤ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਮੰਗਾਂ ਸਬੰਧੀ ਬੀਤੀ 29 ਦਸੰਬਰ ਨੂੰ ਮੀਟਿੰਗ ਕੀਤੀ ਗਈ ਸੀ ਪਰ ਕੋਈ ਵੀ ਮੰਗ ਅਮਲੀ ਤੌਰ ’ਤੇ ਮੰਨੀ ਨਹੀਂ ਗਈ। ਇਸ ਕਾਰਨ ਜਥੇਬਦੀਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਗੁੱਸੇ ਨੂੰ ਦੇਖਦਿਆਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਹਨ ਅਤੇ ਫਰਵਰੀ ਦੇ ਦੂਸਰੇ ਹਫਤੇ ਖਜ਼ਾਨਾ ਮੰਤਰੀ ਅਤੇ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਡਾਇਰੈਕਟਰ ਜਾਂ ਚੇਅਰਮੈਨ ਦਾ ਫੀਲਡ ਵਿੱਚ ਆਉਣ ’ਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ।
ਕਾਦੀਆਂ (ਮਕਬੂਲ ਅਹਿਮਦ): ਅੱਜ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ, ਪਾਵਰਕੌਮ, ਟਰਾਂਸਕੋ ਦੀਆਂ ਮੈਨੇਜਮੈਂਟਾਂ ਦੀਆਂ ਮੁਲਾਜ਼ਮ/ਪੈਨਸ਼ਨਰਜ਼ ਵੱਲੋਂ ਮੰਡਲ ਦਫ਼ਤਰ ਕਾਦੀਆਂ ਅੱਗੇ ਅਰਥੀ ਸਾੜੀ ਗਈ। ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕਾਦੀਆਂ ਦੇ ਪ੍ਰਧਾਨ ਰਤਨ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਕਾਦੀਆਂ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ, ਕਰਮਚਾਰੀ ਦਲ ਮੰਡਲ ਕਾਦੀਆਂ ਦੇ ਆਗੂ ਸੁਰਿੰਦਰ ਸਿੰਘ ਗਿੱਲ, ਟੈਕਨੀਕਲ ਸਰਵਿਸਿਜ਼ ਯੂਨੀਅਨ ਕਾਦੀਆਂ ਦੇ ਪ੍ਰਧਾਨ ਸਤਪਾਲ ਸਿੰਘ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਮੰਗਾਂ ਨਾ ਮੰਨੇ ਜਾਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ।
ਬਿਜਲੀ ਬਿੱਲ ਵਾਪਸ ਲੈਣ ’ਤੇ ਜ਼ੋਰ
ਯੂਨੀਅਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ 13 ਮੰਗਾਂ ਸਬੰਧੀ ਪੱਤਰ ਪਾਵਰਕੌਮ ਤੇ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਬਿਜਲੀ ਬਿੱਲ 2020 ਵਾਪਸ ਲਿਆ ਜਾਵੇ, ਲੋਕਾਂ ਦੇ ਜਮਹੂਰੀ ਹੱਕਾਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਵਾਪਸ ਲਏ ਜਾਣ, ਕਿਰਤ ਕਾਨੂੰਨ ਦੀ ਉਲੰਘਣਾ ਤੇ ਟਰੇਡ ਯੂਨੀਅਨਾਂ ਦੇ ਹੱਕ ਮਾਰਨੇ ਬੰਦ ਕੀਤੇ ਜਾਣ, ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨੇ।