ਲਖਨਪਾਲ ਸਿੰਘ
ਮਜੀਠਾ, 1 ਅਪਰੈਲ
ਸਬ ਡਿਵੀਜ਼ਨ ਮਜੀਠਾ ਵਿੱਚ ਬਿਜਲੀ ਬੋਰਡ ਵਿੱਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਕੇਂਦਰ ਸਰਕਾਰ ਦੀਆਂ ਨਵੀਆਂ ਆਰਥਿਕ ਨੀਤੀਆਂ, ਚਾਰ ਲੇਬਰ ਕੋਡਾਂ ਅਤੇ ਨਿੱਜੀਕਰਨ ਦੇ ਵਿਰੋਧ ਵਿੱਚ ਗੇਟ ਰੈਲੀ ਕਰਨ ਉਪਰੰਤ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਬੁਲਾਰਿਆਂ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਜਿੱਥੇ ਕਾਮਿਆਂ ਦੇ ਪੱਕੇ ਰੁਜ਼ਗਾਰ ਦਾ ਉਜਾੜਾ ਹੋਣਾ ਹੈ, ਉੱਥੇ ਕਿਸਾਨਾਂ, ਮਜ਼ਦੂਰਾਂ ਤੇ ਘਰੇਲੂ ਖਪਤਕਾਰਾਂ ਨੂੰ ਮਿਲਦੀਆਂ ਸਬਸਿਡੀਆਂ ਤੇ ਸਸਤੀ ਬਿਜਲੀ ਦਾ ਵੀ ਖਾਤਮਾ ਹੋਣਾ ਹੈ। ਬੁਲਾਰਿਆਂ ਨੇ ਦੱਸਿਆ ਕਿ ਨਿੱਜੀਕਰਨ ਦੀ ਨੀਤੀ ਤਹਿਤ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਰਾਜ ਸਰਕਾਰਾਂ ਕੋਲੋਂ ਅਧਿਕਾਰ ਖੋਹ ਕੇ ਉਸ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਕਾਮਾ ਪੱਖੀ ਲੇਬਰ ਕਾਨੂੰਨ 1948 ਬਹਾਲ ਕੀਤੇ ਜਾਣ ਤੇ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ। ਰੈਲੀ ਨੂੰ ਸੁਖਪਾਲ ਸਿੰਘ ਮਜੀਠਾ, ਕੁੰਦਨ ਲਾਲ ਹਰੀਆਂ, ਗੁਰਪ੍ਰੀਤ ਸਿੰਘ ਸੋਹੀਆਂ, ਗੁਰਮੀਤ ਸਿੰਘ ਕੋਟਲਾ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸਾਥੀ ਰਘਬੀਰ ਸਿੰਘ ਮਜੀਠਾ ਨੇ ਨਿਭਾਈ।
ਖੱਬੀਆਂ ਪਾਰਟੀਆਂ ਵੱਲੋਂ ਮਹਿੰਗਾਈ ਖ਼ਿਲਾਫ਼ ਰੋਸ ਮਾਰਚ
ਮਜੀਠਾ (ਪੱਤਰ ਪ੍ਰੇਰਕ): ਇੱਥੇ ਖੱਬੀਆਂ ਪਾਰਟੀਆਂ ਦੀਆਂ ਕਿਸਾਨ ਯੂਨੀਅਨਾਂ ਨੇ ਮਿਲ ਕੇ ਮਹਿੰਗਾਈ ਵਿਰੁੱਧ ਰੋਸ ਮਾਰਚ ਕੱਢਕੇ ਬਿਜਲੀ ਬੋਰਡ ਦਫ਼ਤਰ ਕੰਪਲੈਕਸ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਹ ਮੁਜ਼ਾਹਰਾ ਮਾ. ਹਰਭਜਨ ਸਿੰਘ ਟਰਪਈ, ਬਲਕਾਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਸ਼ੇਰਗਿੱਲ ਚਾਚੋਵਾਲੀ ਦੀ ਅਗਵਾਈ ਹੇਠ ਕੀਤਾ ਗਿਆ। ਜ਼ਿਲ੍ਹਾ ਅੰਮ੍ਰਿਤਸਰ ਆਰਐੱਮਪੀਆਈ ਦੇ ਸੈਕਟਰੀ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਅਤੇ ਮਜ਼ਦੂਰਾਂ ’ਤੇ ਮਹਿੰਗਾਈ ਦਾ ਬੋਝ ਪਾ ਰਹੀ ਹੈ। ਸੀਪੀਆਈ ਸੈਕਟਰੀ ਬਲਕਾਰ ਸਿੰਘ ਦੁਧਾਲਾ ਨੇ ਮੋਦੀ ਸਰਕਾਰ ਵੱਲੋਂ ਪ੍ਰੀ-ਪੇਡ ਬਿਜਲੀ ਦੇ ਮੀਟਰ ਲਾਉਣ ਦੀ ਵਿਰੋਧਤਾ ਕੀਤੀ। ਸਾਰੇ ਸਾਥੀ ਪਹਿਲਾਂ ਗੁਰੂ ਰਵਿਦਾਸ ਦੇ ਗੁਰਦੁਆਰੇ ਵਿੱਚ ਇਕੱਠੇ ਹੋਏ ਤੇ ਇਸ ਤੋਂ ਬਾਅਦ ਮੋਟਰਸਾਈਕਲਾਂ ਦੇ ਕਾਫ਼ਲੇ ਦੇ ਰੂਪ ਵਿੱਚ ਬਿਜਲੀ ਦਫ਼ਤਰ ਪਹੁੰਚੇ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ।