ਐਨ.ਪੀ.ਧਵਨ
ਪਠਾਨਕੋਟ, 19 ਅਗਸਤ
ਇੱਥੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਅੱਜ ਬਿਜਲੀ ਦੇ ਲੰਬੇ ਕੱਟ ਕਾਰਨ ਮਰੀਜ਼ਾਂ ਅਤੇ ਸਟਾਫ ਨੂੰ ਪ੍ਰੇਸ਼ਾਨੀ ਝੱਲਣੀ ਪਈ। ਬਿਜਲੀ ਕੱਟ ਕਾਰਨ ਨਾ ਕੇਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਮਰੀਜ਼ਾਂ ਦੇ ਪਸੀਨੇ ਛੁੱਟੇ ਬਲਕਿ ਐਮਰਜੈਂਸੀ ਵਿੱਚ ਕੰਮ ਕਰਦਾ ਸਟਾਫ ਵੀ ਇਸ ਤੋਂ ਬਚ ਨਾ ਸਕਿਆ।
ਐਮਰਜੈਂਸੀ ਵਾਰਡ ਦਾ ਹਾਲ ਇਹ ਸੀ ਕਿ ਮਰੀਜ਼ਾਂ ਦੇ ਵਾਰਸ ਉਨ੍ਹਾਂ ਨੂੰ ਪੱਖੀਆਂ ਤੇ ਗੱਤੇ ਝੱਲਦੇ ਨਜ਼ਰ ਆਏ। ਵਾਰਡ ਵਿੱਚ ਫੈਲੇ ਹਨੇਰੇ ਵਿੱਚ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਮੁਸ਼ਕਲ ਪੇਸ਼ ਆਈ ਅਤੇ ਮੋਬਾਈਲ ਦੀ ਟਾਰਚ ਵਿੱਚ ਹੀ ਉਹ ਇਲਾਜ ਕਰਦੇ ਦਿਖਾਈ ਦਿੱਤੇ।
ਐਮਰਜੈਂਸੀ ਵਿੱਚ ਦਾਖਲ ਮਰੀਜ਼ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਕਾਫੀ ਸਮੇਂ ਤੋਂ ਬਿਜਲੀ ਨਾ ਆਉਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਇੱਕ ਤਾਂ ਮਰੀਜ਼ ਬੀਮਾਰੀ ਦੇ ਚਲਦੇ ਪਹਿਲਾਂ ਹੀ ਪ੍ਰੇਸ਼ਾਨ ਹਨ ਅਤੇ ਦੂਸਰਾ ਬਿਜਲੀ ਗੁਲ ਹੋਣ ਨਾਲ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਦਿੱਕਤ ਆ ਰਹੀ ਹੈ। ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਰਾਣੀ ਦੇਵੀ, ਮਨੀ ਕੁਮਾਰ, ਕਿਰਨ ਬਾਲਾ ਅਤੇ ਪਵਨ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਹੋਣ ਦੇ ਬਾਵਜੂਦ ਬਿਜਲੀ ਦੀ ਵਿਵਸਥਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਘੱਟ ਤੋਂ ਘੱਟ ਐਮਰਜੈਂਸੀ ਵਿੱਚ ਬਿਜਲੀ ਦੀ ਸੁਵਿਧਾ ਜ਼ਰੂਰ ਹੋਣੀ ਚਾਹੀਦੀ ਹੈ।
ਬਿਜਲੀ ਗੁੱਲ ਰਹਿਣ ਬਾਰੇ ਜਦ ਹਸਪਤਾਲ ਦੇ ਇਲੈਕਟ੍ਰੀਸ਼ੀਅਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜਦੋਂ ਤੋਂ ਹਸਪਤਾਲ ਅੰਦਰ ਬਾਰਸ਼ ਦਾ ਪਾਣੀ ਵੜਿਆ ਹੈ, ਉਦੋਂ ਤੋਂ ਕਿਤੇ ਨਾ ਕਿਤੇ ਬਿਜਲੀ ਦੀ ਸਮੱਸਿਆ ਆ ਰਹੀ ਹੈ। ਉਸ ਨੇ ਅੱਗੇ ਦੱਸਿਆ ਕਿ ਵਾਰਡ ਵਿੱਚ ਜਾ ਰਹੀ ਬਿਜਲੀ ਨੂੰ ਕੰਟਰੋਲ ਕਰਨ ਵਾਲਾ ਮੇਨ ਸਵਿਚ ਖਰਾਬ ਹੋ ਗਿਆ ਸੀ ਜਿਸ ਨੂੰ ਕੁੱਝ ਦੇਰ ਬਾਅਦ ਠੀਕ ਕਰ ਦਿੱਤਾ ਗਿਆ ਅਤੇ ਬਿਜਲੀ ਬਹਾਲ ਹੋ ਗਈ।