ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 13 ਜੁਲਾਈ
ਸਥਾਨਕ ਬੱਸ ਅੱਡੇ ਦੀ ਅੱਜ ਸਵੇਰੇ 7.30 ਵਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਰੋਡਵੇਜ਼ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੂੰ ਡਿਊਟੀ ਤੋਂ ਗ਼ੈਰਹਾਜ਼ਰ ਪਾ ਕੇ ਮੌਕੇ ਉੱਪਰ ਹੀ ਮੁਅੱਤਲ ਕਰ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕੁਝ ਚਿਰ ਪਹਿਲਾਂ ਵੀ ਉਨ੍ਹਾਂ ਵੱਲੋਂ ਸ਼ਿਕਾਇਤਾਂ ਮਿਲਣ ਉਪਰੰਤ ਇਸ ਬੱਸ ਅੱਡੇ ਦੀ ਚੈਕਿੰਗ ਕੀਤੀ ਗਈ ਸੀ। ਰੋਡਵੇਜ਼ ਦੇ ਇਸ ਸਬ-ਇੰਸਪੈਕਟਰ ਦੀ ਡਿਊਟੀ ਜੰਡਿਆਲਾ ਗੁਰੂ ਬੱਸ ਸਟੈਂਡ ’ਤੇ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਨੂੰ ਸਰਕਾਰੀ ਬੱਸਾਂ ਰੋਕ ਕੇ ਬਿਠਾਉਣ ਲਈ ਲਗਾਈ ਗਈ ਸੀ। ਪਰ ਅੱਜ ਦੁਬਾਰਾ ਚੈਕਿੰਗ ਕਰਨ ’ਤੇ ਉਹ ਗ਼ੈਰਹਾਜ਼ਰ ਪਾਇਆ ਗਿਆ। ਉਸ ਨੂੰ ਮੁਅੱਤਲ ਕਰ ਕੇ ਦੋ ਹੋਰ ਰੋਡਵੇਜ਼ ਦੇ ਇੰਸਪੈਕਟਰਾਂ ਦੀ ਡਿਊਟੀ ਇਸ ਕੰਮ ਵਾਸਤੇ ਲਗਾਈ ਗਈ ਹੈ। ਇਸ ਮੌਕੇ ਮੰਤਰੀ ਨੇ ਹੋਰ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਇਸ ਬੱਸ ਅੱਡੇ ਤੋਂ ਸਵਾਰੀਆਂ ਲੈ ਕੇ ਹੀ ਜਾਣਗੀਆਂ। ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਨੇ ਦੱਸਿਆ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਸਵਾਰੀਆਂ ਨੂੰ ਬੱਸਾਂ ਵਿੱਚ ਬਿਠਾਇਆ ਜਾ ਸਕੇ, ’ਤੇ ਅਮਲ ਕਰਦਿਆਂ ਦੋ ਸਬ-ਇੰਸਪੈਕਟਰਾਂ ਦੀ ਡਿਊਟੀ ਲਗਾਈ ਗਈ ਹੈ।
ਜਨਰਲ ਮੈਨੇਜਰ ਰੋਡਵੇਜ ਨੇ ਦੱਸਿਆ ਜੇ ਕੋਈ ਵੀ ਬੱਸ ਆਉਣ-ਜਾਣ ਸਮੇਂ ਨਹੀਂ ਰੁਕਦੀ ਤਾਂ ਉਸ ਵਿਰੁੱਧ ਇਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਦੋਵਾਂ ਇੰਸਪੈਕਟਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਉਹ ਆਪਣੀ ਡਿਊਟੀ ’ਤੇ ਸਮੇਂ ਸਿਰ ਪਾਬੰਦ ਹੋਣ।
ਸਿਹਤ ਮੰਤਰੀ ਵੱਲੋਂ ਹਸਪਤਾਲ ਦਾ ਨਿਰੀਖਣ
ਤਰਨ ਤਾਰਨ (ਗੁਰਬਖਸ਼ਪੁਰੀ): ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਇੱਥੋਂ ਦੇ ਜ਼ਿਲ੍ਹਾ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ| ਉਨ੍ਹਾਂ ਹਸਪਤਾਲ ਦੇ ਜੱਚਾ-ਬੱਚਾ ਵਾਰਡ, ਨਸ਼ਾ ਛੁਡਾਊ ਕੇਂਦਰ ਸਣੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਨਾਲ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਅਤੇ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਡੀਸੀ ਮੋਨੀਸ਼ ਕੁਮਾਰ, ਸਿਵਲ ਸਰਜਨ ਡਾ. ਸੀਮਾ, ਐੱਸਐੱਮਓ ਡਾ. ਸਵਰਨਜੀਤ ਸਿੰਘ ਧਵਨ ਵੀ ਹਾਜ਼ਰ ਰਹੇ| ਮੰਤਰੀ ਨੇ ਇਲਾਜ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਉਹ ਸਿਹਤ ਸਹੂਲਤਾਂ ਵਿਚ ਸੁਧਾਰ ਲਿਆਉਣ ਲਈ ਸੂਬੇ ਦੇ ਸਾਰੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ| ਉਨ੍ਹਾਂ ਇਕ ਮਹੀਨੇ ਦੇ ਅੰਦਰ ਅੰਦਰ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੀਆਂ ਦਵਾਈਆਂ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ 15 ਅਗਸਤ ਨੂੰ ਰਾਜ ਵਿੱਚ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਥਾਨਕ ਰੈਸਟ ਹਾਊਸ ਪੰਜਾਬ ਪੁਲੀਸ ਦੀ ਟੁੱਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।