ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜੁਲਾਈ
ਪਾਵਰਕੌਮ ਨੇ ਖੇਤੀ ਸੈਕਟਰ ਤੇ ਘਰਾਂ ਨੂੰ ਲਗਾਤਾਰ ਬਿਜਲੀ ਦੇਣ ਲਈ ਦੋ ਦਿਨਾਂ ਵਾਸਤੇ ਇੰਡਸਟਰੀ ਦੀ ਬਿਜਲੀ ਬੰਦ ਕਰ ਦਿੱਤੀ ਹੈ। ਜਿਹੜੇ ਉਦਯੋਗ 100 ਕਿਲੋਵਾਟ ਬਿਜਲੀ ਰੋਜ਼ਾਨਾ ਵਰਤ ਰਹੇ ਹਨ ਉਨ੍ਹਾਂ ਨੂੰ 48 ਘੰਟਿਆਂ ਲਈ ਬਿਜਲੀ ਸਪਲਾਈ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਲੰਧਰ ਵਿਚ ਅਜਿਹੇ 7500 ਦੇ ਕਰੀਬ ਉਦਯੋਗ ਹਨ ਜਿਹੜੇ 100 ਕਿਲੋਵਾਟ ਤੋਂ ਵੱਧ ਬਿਜਲੀ ਵਰਤਦੇ ਹਨ। ਇੰਡਸਟਰੀ ਨੂੰ ਬਿਜਲੀ ਕੱਟ ਲਾਏ ਜਾਣ ’ਤੇ ਉਦਯੋਗਪਤੀਆਂ ਨਰਿੰਦਰ ਸਿੰਘ ਸੱਗੂ, ਬਲਰਾਮ ਕਪੂਰ, ਤੇਜਿੰਦਰ ਭਸੀਨ ਤੇ ਸੰਜੇ ਗੁਪਤਾ ਨੇ ਕਿਹਾ ਕਿ ਲੌਕਡਾਊਨ ਕਾਰਨ ਇੰਡਸਟਰੀ ਪਹਿਲਾਂ ਹੀ ਘਾਟੇ ਵਿਚ ਚੱਲ ਰਹੀ ਹੈ ਤੇ ਹੁਣ 48 ਘੰਟੇ ਦੀ ਬਿਜਲੀ ਸਪਲਾਈ ਰੋਕ ਦਿੱਤੀ ਗਈ ਹੈ। ਇਸੇ ਦੌਰਾਨ ਸ਼ਹਿਰ ਵਿੱਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਧੀ ਰਾਤ ਨੂੰ ਹੀ ਸੜਕਾਂ ’ਤੇ ਆ ਕੇ ਵਿਰੋਧ ਪ੍ਰਦਰਸ਼ਨ ਕੀਤਾ। ਮਕਸੂਦਾਂ ਇਲਾਕੇ ਦੇ ਲੋਕਾਂ ਨੇ ਰਾਤ 9 ਵਜੇ ਤੋਂ 1.30 ਵਜੇ ਤੱਕ ਧਰਨਾ ਲਾਈ ਰੱਖਿਆ। ਪੁਲੀਸ ਨੇ ਲੋਕਾਂ ਨੂੰ ਧਰਨਾ ਚੁੱਕਣ ਦੀ ਕਈ ਵਾਰ ਅਪੀਲ ਕੀਤੀ ਪਰ ਲੋਕਾਂ ਨੇ ਪੁਲੀਸ ਦੀ ਇੱਕ ਨਾ ਸੁਣੀ। ਇਸੇ ਦੌਰਾਨ ਕਈ ਕਿਲੋਮੀਟਰਾਂ ਤੱਕ ਗੱਡੀਆਂ ਜਾਮ ਵਿਚ ਫਸ ਗਈਆਂ। ਇਸੇ ਤਰ੍ਹਾਂ ਹੀ ਰਾਤ ਨੂੰ ਆਦਰਸ਼ ਨਗਰ, ਬਸਤੀ ਗੁਜਾਂ ਤੇ ਬੂਟਾਂ ਮੰਡੀ ਵਿਚ ਲੋਕ ਰਾਤ ਨੂੰ ਸੜਕਾਂ ’ਤੇ ਆ ਗਏ ਤੇ ਪੰਜਾਬ ਸਰਕਾਰ ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ।
ਬੂਟਾਂ ਮੰਡੀ ਸਬ-ਡਿਵੀਜ਼ਨ ਦੇ ਬਾਹਰ ਜਦੋਂ 200 ਤੋਂ ਵੱਧ ਲੋਕ ਧਰਨਾ ਦੇ ਰਹੇ ਸਨ ਤਾਂ ਸ਼ਿਕਾਇਤ ਕੇਂਦਰਾਂ ’ਤੇ ਬੈਠੇ ਮੁਲਾਜ਼ਮ ਉਥੋਂ ਖਿਸਕ ਗਏ। ਇਨ੍ਹਾਂ ਬਿਜਲੀ ਕੱਟਾਂ ਕਾਰਨ ਸਿਵਲ ਹਸਪਤਾਲ ਦਾ ਕੰਮ ਵੀ ਪ੍ਰਭਾਵਿਤ ਹੋਇਆ।
ਦਸੂਹਾ (ਭਗਵਾਨ ਦਾਸ ਸੰਦਲ): ਇਥੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਹਾਜ਼ੀਪੁਰ ਚੌਕ ਦਸੂਹਾ ਵਿੱਚ ਮੁਕੇਰੀਆਂ, ਟਾਂਡਾ, ਬੁਲੋਵਾਲ, ਹੁਸ਼ਿਆਰਪੁਰ ਸਮੇਤ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਕਿਸਾਨਾਂ ਨੇ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਣਜੀਤ ਸਿੰਘ ਬਾਜਵਾ, ਹਰਪ੍ਰੀਤ ਸਿੰਘ ਸੰਧੂ ਤੇ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਕੈਪਟਨ ਸਰਕਾਰ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਕਰਨ ਦੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਅਤੇ ਗੰਨੇ ਦੀ ਖਰਾਬ ਹੋ ਰਹੀ ਫਸਲ ਨੂੰ ਬਚਾਉਣ ਲਈ ਸਿੰਜਾਈ ਵਾਸਤੇ ਜੈਨਰੇਟਰ ਚਲਾਉਣੇ ਪੈ ਰਹੇ ਹਨ ਜਿਨ੍ਹਾਂ ਵਿੱਚ ਮਹਿੰਗਾ ਡੀਜ਼ਲ ਫੂਕਣਾ ਪੈਂਦਾ ਹੈ। ਉਨਾਂ ਕਿਹਾ ਕਿ ਜੇਕਰ ਸਮੱਸਿਆ ਜਲਦ ਹੱਲ ਨਾ ਹੋਈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਾਵਰਕੌਮ ਦਫ਼ਤਰ ਖਡੂਰ ਸਾਹਿਬ ਅੱਗੇ ਧਰਨਾ ਲਗਾ ਕੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਤਰਸੇਮ ਸਿੰਘ ਕੰਗ ਤੇ ਇਕਬਾਲ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪਾਵਰਕੌਮ ਵੱਲੋ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੋਟਰਾਂ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਬ-ਡਵੀਜ਼ਨ ਖਡੂਰ ਸਾਹਿਬ ਤੋਂ ਚਲਦੇ ਨਹਿਰ ਵਾਲੇ ਫੀਡਰ ਅਤੇ ਦੁਲਚੀਪੁਰ ਫੀਡਰ ਤੋਂ ਕਿਸਾਨਾਂ ਨੂੰ ਸਿਰਫ ਇਕ ਘੰਟਾ ਹੀ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਰੋਜ਼ਾਨਾ ਕੱਟ ਲਗਾਏ ਜਾ ਰਹੇ ਹਨ। ਇਸ ਮੌਕੇ ਦਲਬੀਰ ਸਿੰਘ ਵੜਿੰਗ, ਬਲਜੀਤ ਸਿੰਘ ਘਸੀਟਪੁਰ, ਹਰਭਿੰਦਰ ਸਿੰਘ ਮਾਲਚੱਕ, ਮੁਖਵਿੰਦਰ ਸਿੰਘ, ਭੁਪਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਪਾਵਰਕੌਮ ਦਫ਼ਤਰ ਬਾਹਰ ਧਰਨਾ ਜਾਰੀ ਸੀ।
ਕਿਸਾਨਾਂ ਵੱਲੋਂ ਗੁਰਦਾਸਪੁਰ ਮਾਰਗ ਠੱਪ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਦਿੱਤੇ ਸੱਦੇ ਤਹਿਤ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਠਿਆਲੀ ਪੁਲ ’ਤੇ ਹਲਕੇ ਦੇ ਕਿਸਾਨਾਂ ਨੇ ਅੱਜ ਰੋਸ ਮੁਜ਼ਾਹਰਾ ਕੀਤਾ। ਕਮੇਟੀ ਦੇ ਆਗੂ ਬਲਵਿੰਦਰ ਸਿੰਘ ਰਾਜੂ, ਕੰਵਲਜੀਤ ਸਿੰਘ ਪੰਡੋਰੀ ਅਤੇ ਵਿਕਰਮਜੀਤ ਸਿੰਘ ਮਾੜੇ ਨੇ ਦੱਸਿਆ ਕਿ ਜਦੋਂ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਈ ਹੈ, ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ। ਇਸ ਸਬੰਧੀ ਪਾਵਰਕੌਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ ਪਰ ਮਸਲਾ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਕਿਸਾਨਾਂ ਨੇ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਨੂੰ ਪੁਲ ਸਠਿਆਲੀ ਤੋਂ ਸਵੇਰੇ 10 ਵਜੇ ਤੋਂ ਬੰਦ ਰੱਖਿਆ। ਇਸ ਰੋਸ ਮੁਜ਼ਾਹਰੇ ਦੌਰਾਨ ਐਕਸੀਅਨ (ਕਾਦੀਆਂ) ਜਸਵਿੰਦਰ ਸਿੰਘ ਅਤੇ ਐੱਸਡੀਓ (ਕਾਹਨੂੰਵਾਨ) ਅਮਰਬੀਰ ਸਿੰਘ ਨਾਗਰਾ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਦੋ ਦਿਨ ਤੱਕ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਉਹ ਐੱਸਸੀ ਦਫ਼ਤਰ ਗੁਰਦਾਸਪੁਰ ਦਾ ਲੰਮੇ ਸਮੇਂ ਤੱਕ ਘਿਰਾਓ ਕਰਨਗੇ। ਇਸ ਮੌਕੇ ਕਿਸਾਨ ਆਗੂ ਵੱਲੋਂ ਐਕਸੀਅਨ ਜਸਵਿੰਦਰ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।