ਪੱਤਰ ਪ੍ਰੇਰਕ
ਤਰਨ ਤਾਰਨ, 23 ਮਈ
65 ਸਾਲਾ ਬਿਰਧ ਔਰਤ ਸ਼ਵਿੰਦਰ ਕੌਰ ਦੀ ਲਾਸ਼ ਦਾ ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ| ਸ਼ਵਿੰਦਰ ਕੌਰ ਦੀ ਉਸਦੇ ਆਪਣੇ ਲੜਕੇ ਕਾਰਜ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੇ ਨੌਰੰਗਾਬਾਦ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ| ਇਸ ਮਾਤਾ ਨੂੰ ਕਾਰਜ ਸਿੰਘ ਨੇ ਅੱਠ ਮਹੀਨੇ ਪਹਿਲਾਂ ਘਰੋਂ ਕੱਢ ਦੇਣ ਕਾਰਨ ਉਹ ਇਥੇ ਆਪਣੇ ਧੀ (ਲਵਜੀਤ ਕੌਰ) ਜਵਾਈ (ਹਰਦੀਪ ਸਿੰਘ) ਕੋਲ ਰਹਿੰਦੀ ਸੀ| ਉਸਨੇ ਅਜੇ ਕੁਝ ਚਿਰ ਪਹਿਲਾਂ ਮੁੰਡਾ ਪਿੰਡ ਵਿੱਚ ਆਪਣੀ 10 ਕਨਾਲ ਜ਼ਮੀਨ ਵੇਚਣ ਲਈ ਕੀਤੇ ਸੌਦੇ ’ਚ 3.5 ਲੱਖ ਰੁਪਏ ਦੀ ਰਕਮ ਬਿਆਨਾ ਵਜੋਂ ਲਈ ਸੀ| ਕਾਰਜ ਸਿੰਘ ਇਹ ਰਕਮ ਲੈਣੀ ਚਾਹੁੰਦਾ ਸੀ ਤੇ ਉਹ ਚਿੰਤਤ ਸੀ ਕਿ ਉਸ ਦੀ ਮਾਂ ਇਹ ਰਕਮ ਆਪਣੀ ਧੀ ਲਵਜੀਤ ਕੌਰ ਨੂੰ ਨਾ ਦੇ ਦੇਵੇ| ਉਹ ਸ਼ਾਮ ਵੇਲੇ ਆਪਣੇ ਮੋਟਰਸਾਈਕਲ ’ਤੇ ਨੌਰੰਗਾਬਾਦ ਆਇਆ ਤੇ ਬਹਿਕ ਦੇ ਵਿਹੜੇ ’ਚ ਬੈਠੀ ਮਾਤਾ ਸ਼ਵਿੰਦਰ ਕੌਰ ਦੀ ਛਾਤੀ ਵਿੱਚ ਬੰਦੂਕ ਨਾਲ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਮੌਕੇ ’ਤੇ ਹੀ ਦਮ ਤੋੜ ਗਈ| ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਪੁਲੀਸ ਨਾਲ ਮੌਕੇ ਦਾ ਨਿਰੀਖਣ ਕਰਕੇ ਦਫ਼ਾ 302 ਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਸੀ| ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਫਰਾਰ ਹੋ ਗਿਆ ਹੈ ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ|