ਦਵਿੰਦਰ ਸਿੰਘ ਭੰਗੂ
ਰਈਆ, 22 ਸਤੰਬਰ
ਇੱਥੇ ਡਾਕਘਰ ਵਿੱਚ ਡਾਕੀਏ ਵਜੋਂ ਨੌਕਰੀ ਕਰਦੇ ਇੱਕ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਡਾਕਘਰ ਵਿੱਚ ਹੀ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਇੱਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ। ਪੁਲੀਸ ਸੂਤਰਾਂ ਨੇ ਜੈ ਭਗਵਾਨ ਵੱਲੋਂ ਲਿਖੇ ਗਏ ਖ਼ੁਦਕੁਸ਼ੀ ਨੋਟ ਮੁਤਾਬਿਕ ਦੱਸਿਆ ਕਿ ਡਾਕੀਏ ਕੋਲ ਰਈਆ ਦੀ ਪੱਤੀ ਛੀਨੇ ਮਾਨ ਦੀ ਰਹਿਣ ਵਾਲੀ ਇੱਕ ਔਰਤ ਦਾ ਸਪੀਡ ਪੋਸਟ ਪੱਤਰ ਆਇਆ ਸੀ। ਐਡਰੈੱਸ ਦਾ ਪਤਾ ਨਾ ਹੋਣ ਕਾਰਨ ਉਸ ਨੇ ਚਿੱਠੀ ਉੱਪਰ ਲਿਖੇ ਮੋਬਾਈਲ ਨੰਬਰ ’ਤੇ ਫ਼ੋਨ ਕੀਤਾ ਤਾਂ ਅੱਗਿਓਂ ਔਰਤ ਨੇ ਚਿੱਠੀ ਆਪਣੇ ਕੋਲ ਰੱਖਣ ਦੀ ਬੇਨਤੀ ਕਰਦਿਆਂ ਇੱਕ-ਦੋ ਦਿਨ ’ਚ ਲਿਜਾਣ ਬਾਰੇ ਆਖਿਆ। ਹਫ਼ਤਾ ਬੀਤਣ ’ਤੇ ਵੀ ਔਰਤ ਚਿੱਠੀ ਲੈਣ ਨਾ ਆਈ ਤਾਂ ਉਹ ਉਸ ਦੇ ਘਰ ਚਿੱਠੀ ਦੇਣ ਚਲਾ ਗਿਆ ਤਾਂ ਦੇਖਿਆ ਕਿ ਉਹ ਔਰਤ ਘਰ ਵਿੱਚ ਮੌਜੂਦ ਸੀ ਜਿਸ ’ਤੇ ਉਸ ਨੂੰ ਗ਼ੁੱਸਾ ਆ ਗਿਆ ਤੇ ਉਸ ਨੂੰ ਕੁਝ ਵੱਧ-ਘੱਟ ਬੋਲ ਦਿੱਤਾ। ਇਸ ’ਤੇ 21 ਸਤੰਬਰ ਨੂੰ ਔਰਤ ਆਪਣੀ ਸੱਸ ਨਾਲ ਪੋਸਟ ਆਫਿਸ ਆ ਗਈ ਤੇ ਪੋਸਟਮਾਸਟਰ ਮਹਿੰਦਰ ਸਿੰਘ ਕੋਲ ਉਸ ਬਾਰੇ ਸ਼ਿਕਾਇਤ ਕਰ ਦਿੱਤੀ।
ਇਸ ਉਪਰੰਤ ਦਫ਼ਤਰ ਵਾਲਿਆਂ ਨੇ ਉਸ ’ਤੇ ਤਾਅਨੇ ਕੱਸਣੇ ਸ਼ੁਰੂ ਕਰ ਦਿੱਤੇ ਤੇ ਇਹ ਨਮੋਸ਼ੀ ਨਾ ਸਹਾਰ ਸਕਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਸ ਨੂੰ ਰਈਆ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।
ਰਈਆ ਪੁਲੀਸ ਚੌਕੀ ਦੇ ਇੰਚਾਰਜ ਚਰਨ ਸਿੰਘ ਭਲਵਾਨ ਨੇ ਮ੍ਰਿਤਕ ਦੀ ਪਤਨੀ ਅਨੂੰ ਬਾਲਾ ਦੇ ਬਿਆਨਾਂ ’ਤੇ ਹਰਪ੍ਰੀਤ ਕੌਰ, ਪੋਸਟਮਾਸਟਰ ਮਹਿੰਦਰ ਸਿੰਘ ਤੇ ਅਣਪਛਾਤੇ ਸਟਾਫ਼ ਮੈਂਬਰਾਂ ਖ਼ਿਲਾਫ਼ ਧਾਰਾ 306 ਤੇ 120 ਬੀ ਤਹਿਤ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।