ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 4 ਨਵੰਬਰ
ਨਸ਼ਿਆਂ ਲਈ ਬਦਨਾਮ ਨਿੰਮ ਵਾਲੀ ਘਾਟੀ ਵਿੱਚ ਵਧ ਰਹੀ ਨਸ਼ਾ ਤਸਕਰੀ ਤੋਂ ਦੁਖੀ ਇੱਕ ਪੀੜਤ ਪਰਿਵਾਰ ਵੱਲੋਂ ਰਾਤ ਦੇ ਹਨੇਰੇ ਵਿੱਚ ਪੁਲੀਸ ਪ੍ਰਸ਼ਾਸਨ ਦੀਆਂ ਅੱਖਾ ਖੋਲ੍ਹਣ ਲਈ ਪੋਸਟਰ ਲਾਏ ਗਏ ਹਨ।
ਨਿੰਮ ਵਾਲੀ ਘਾਟੀ ਦੇ ਮੁਹੱਲੇ ਨੂੰ ਜਾਂਦੇ ਰਸਤੇ ਵਿੱਚ ਲੱਗੇ ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੋਇਆ ਹੈ ਕਿ ਨਿੰਮ ਵਾਲੀ ਘਾਟੀ ਇਧਰ ਹੈ, ‘ਸ਼ਰਾਬ ਅਤੇ ਚਿੱਟਾ ਇੱਥੋਂ ਸ਼ਰ੍ਹੇਆਮ ਮਿਲਦਾ ਹੈ।’ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿੱਚ ਲੱਗੇ ਇਹ ਪੋਸਟਰ ਜਿੱਥੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉੱਥੇ ਹੀ ਪੁਲੀਸ ਪ੍ਰਸ਼ਾਸਨ ਦੀ ਨਸ਼ਿਆਂ ਖ਼ਿਲਾਫ਼ ਢਿੱਲੀ ਕਾਰਗੁਜ਼ਾਰੀ ਪ੍ਰਤੀ ਰੋਸ ਜਾਹਿਹ ਕਰ ਰਹੇ ਹਨ। ‘ਆਪ’ ਆਗੂ ਹਰਪ੍ਰੀਤ ਸਿੰਘ ਧੁੰਨਾ ਨੇ ਆਖਿਆ ਕਿ ਇਤਿਹਾਸਕ ਨਗਰ ਵਿੱਚ ਚਿੱਟਾ ਏਧਰ ਮਿਲਦਾ ਹੈ ਦੇ ਪੋਸਟਰ ਲੱਗਣਾ ਚਿੰਤਾ ਦਾ ਵਿਸ਼ਾ ਹੈ। ਸ੍ਰੀ ਧੁੰਨਾ ਨੇ ਆਖਿਆ ਕਿ ਜਿਸ ਰਸਤੇ ’ਤੇ ਇਹ ਪੋਸਟਰ ਲੱਗੇ ਹਨ, ਉਸ ਰਸਤੇ ’ਤੇ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਜਿਸ ਕਾਰਨ ਦੂਰ ਦੁਰਾਡੇ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕੁਝ ਨਸ਼ਾ ਤਸਕਰਾਂ ਵੱਲੋਂ ਇਨ੍ਹਾਂ ਲੱਗੇ ਹੋਏ ਪੋਸਟਰਾਂ ਨੂੰ ਪਾੜਿਆ ਵੀ ਗਿਆ ਹੈ। ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ ਧੁੰਨਾ ਨੇ ਪੁਲੀਸ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਦੱਸੀ ਹੈ।
ਇਸ ਮਾਮਲੇ ’ਤੇ ਐੱਸਐੱਸਪੀ ਰਣਜੀਤ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਇਤਿਹਾਸਕ ਨਗਰ ਵਿੱਚ ਅਜਿਹੇ ਹਾਲਾਤ ਬਣਨਾ ਪੁਲੀਸ ਪ੍ਰਸ਼ਾਸਨ ਦੀ ਨਾਲਾਇਕੀ ਦੀ ਪੋਲ ਖੋਲ੍ਹਦਾ ਹੈ। ਜਿਸ ਲਈ ਉਹ ਜ਼ਿੰਮੇਵਾਰ ਅਧਿਕਾਰੀਆਂ ਕੋਲੋਂ ਰਿਪੋਰਟ ਲੈਣ ਦੇ ਨਾਲ ਹੀ ਸਖਤ ਐਕਸ਼ਨ ਲੈਣਗੇ।