ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 4 ਜੁਲਾਈ
ਇੱਥੋਂ ਦੇ ਬੱਸ ਸਟੈਂਡ ਅਤੇ ਐੱਸਡੀਐੱਮ ਦਫ਼ਤਰ ਦੇ ਗੇਟ ’ਤੇ ਖਾਲਿਸਤਾਨ ਦੇ ਪੋਸਟਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੱਥ ਲਿਖਤ ਇਨ੍ਹਾਂ ਪੋਸਟਰਾਂ ਵਿੱਚ ਲਿਖਿਆ ਗਿਆ ਹੈ, ‘‘ਸਿੱਖ ਕੌਮ ਜ਼ਿੰਦਾ ਹੈ ਤੇ ਉਹ ਬਦਲਾ ਲਵੇਗੀ।’’ ਪੋਸਟਰ ਵਿੱਚ ‘ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਜ਼ਿੰਦਾਬਾਦ, ਖ਼ਾਲਿਸਤਾਨ ਜ਼ਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਵੀ ਲਿਖੇ ਗਏ ਹਨ| ਉਧਰ, ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਨੇ ਪੋਸਟਰ ਉਤਾਰ ਕੇ ਜਾਂਚ ਆਰੰਭ ਦਿੱਤੀ ਹੈ| ਉਪਰੋਕਤ ਥਾਵਾਂ ’ਤੇ ਪੋਸਟਰ ਲਾਉਣ ਦੀ ਘਟਨਾ ਮਗਰੋਂ ਪੁਲੀਸ ਅਤੇ ਐੱਸਐੱਸਜੀ ਕਮਾਂਡੋਜ਼ ਵੱਲੋਂ ਨੇੜਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਇਸ ਦੌਰਾਨ ਪੁਲੀਸ ਨੇ ਮਾਮਲੇ ਸਬੰਧੀ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ।