ਕਾਹਨੂੰਵਾਨ: ਪਿੰਡ ਜਾਗੋਵਾਲ ਬਾਂਗਰ ਵਿੱਚ ਅੱਜ ਸਵੇਰ ਸਮੇਂ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਪਿੰਡ ਦੇ ਗ਼ਰੀਬ ਪਰਿਵਾਰ ਵਿੱਚ ਝਗੜਾ ਹੋ ਗਿਆ। ਮੁੱਢਲਾ ਸਿਹਤ ਕੇਂਦਰ ਵਿੱਚ ਦਾਖ਼ਲ ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਨੂੰ ਪੰਚਾਇਤ ਵੱਲੋਂ ਅਲਾਟ ਕੀਤੇ ਖੱਡੇ ਵਿੱਚ ਅੱਜ ਸਵੇਰ ਅਕਾਲੀ ਆਗੂ ਸਰਬਜੀਤ ਸਿੰਘ ਨੇ ਆਪਣੇ ਦੋ ਪੁੱਤਰਾਂ ਹੋਰਾਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। ਇਸ ਝਗੜੇ ਦੌਰਾਨ ਉਸ ਦੀ ਪਤਨੀ ਤੇ ਭੈਣ ਦੇ ਵੀ ਸੱਟਾਂ ਵੱਜੀਆਂ ਹਨ।
ਇਸ ਸਬੰਧੀ ਉਸ ਨੇ ਥਾਣਾ ਕਾਹਨੂੰਵਾਨ ਵਿੱਚ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਇਸ ਸਬੰਧੀ ਸਰਬਜੀਤ ਸਿੰਘ ਨੇ ਕਿਹਾ ਕਿ ਬਲਵਿੰਦਰ ਸਿੰਘ ਨੇ ਉਸ ਦੇ ਘਰ ਆ ਕੇ ਹਮਲਾ ਕੀਤਾ ਜਿਸ ਦੌਰਾਨ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਊਨ੍ਹਾਂ ਕਿਹਾ ਕਿ ਝਗੜੇ ਵਾਲੇ ਖੱਡੇ ਦਾ ਕਾਨੂੰਨੀ ਹੱਕ ਉਨ੍ਹਾਂ ਕੋਲ ਹੈ। ਥਾਣਾ ਮੁਖੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਝਗੜੇ ਸਬੰਧੀ ਉਨ੍ਹਾਂ ਨੂੰ ਦੋਵਾਂ ਧਿਰਾਂ ਵੱਲੋਂ ਅਜੇ ਤੱਕ ਕੋਈ ਲਿਖਤੀ ਦਰਖ਼ਾਸਤ ਨਹੀਂ ਮਿਲੀ ਹੈ। -ਪੱਤਰ ਪ੍ਰੇਰਕ