ਸੁਖਦੇਵ ਸਿੰਘ ਸੁੱਖ
ਅਜਨਾਲਾ, 21 ਅਗਸਤ
ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਤੇ ਵਾਤਾਵਰਨ ਪ੍ਰੇਮੀ ਧਰਤੀ ਤੇ ਪਾਣੀ ਨੂੰ ਲਗਾਤਾਰ ਬਚਾਉਣ ਅਤੇ ਸੰਭਾਲਣ ਲਈ ਜ਼ੋਰਦਾਰ ਉਪਰਾਲੇ ਕਰ ਰਹੇ ਹਨ ਪਰ ਦੂਜੇ ਪਾਸੇ ਸਫ਼ਾਈ ਅਤੇ ਸ਼ੁੱਧਤਾ ਵਿੱਚੋਂ ਅੱਵਲ ਦਰਜਾ ਪ੍ਰਾਪਤ ਕਰਨ ਵਾਲੀ ਨਗਰ ਪੰਚਾਇਤ ਅਜਨਾਲਾ ਹੁਣ ਆਪ ਹੀ ਧਰਤੀ ਅਤੇ ਪਾਣੀ ਨੂੰ ਗੰਧਲਾ ਕਰਨ ਵਿੱਚ ਲੱਗੀ ਹੋਈ ਹੈ।
ਦੱਸਣਯੋਗ ਹੈ ਕਿ ਅਜਨਾਲਾ ਸ਼ਹਿਰ ਦੇ ਬਿਲਕੁੱਲ ਨਜ਼ਦੀਕ ਵਗਦੇ ਸੱਕੀ ਨਾਲੇ ਦੇ ਪਾਣੀ ਵਿੱਚ ਆਮ ਲੋਕਾਂ ਦੇ ਪਸ਼ੂ, ਨੌਜੁਆਨ ਅਤੇ ਬੱਚੇ ਗਰਮੀ ਦੇ ਮੌਸਮ ਵਿੱਚ ਅਕਸਰ ਹੀ ਨਹਾਉਂਦੇ ਦੇਖੇ ਜਾਂਦੇ ਹਨ ਪਰ ਇਸ ਪਾਣੀ ਵਿੱਚ ਨਗਰ ਪੰਚਾਇਤ ਵੱਲੋਂ ਕੂੜਾ ਕਰਕਟ ਤੇ ਗੰਦਾ ਪਾਣੀ ਸੁੱਟ ਕੇ ਇਸ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਪਲਾਸਟਿਕ ਦੇ ਲਿਫਾਫ਼ੇ ਵੀ ਪਾਣੀ ਵਿੱਚ ਮਿਲ ਕੇ ਪਾਣੀ ਨੂੰ ਗੰਧਲਾ ਕਰ ਰਹੇ ਹਨ। ਇੱਥੇ ਹੀ ਵਾਤਾਵਰਨ ਪ੍ਰੇਮੀ ਪਰਮ ਸੰਧੂ ਨੇ ਕਿਹਾ ਕਿ ਨਗਰ ਪੰਚਾਇਤ ਅਜਨਾਲਾ ਕੋਲ ਸ਼ਹਿਰ ਦੇ ਨਾਲ ਲੱਗਦੀ ਵਾਹੀਯੋਗ ਜ਼ਮੀਨ ਵੀ ਮੌਜੂਦ ਹੈ ਜਿਸ ਵਿੱਚ ਵੱਡਾ ਟੋਆ ਪੁੱਟ ਕੇ ਸ਼ਹਿਰ ਦਾ ਕੂੜਾ ਕਰਕਟ ਸੁੱਟਿਆ ਜਾ ਸਕਦਾ ਹੈ ਜਿਸ ਨਾਲ ਇੱਕ ਤਾਂ ਆਰਗੈਨਿਕ ਖਾਦ ਵੀ ਪੈਦਾ ਹੋਵੇਗੀ। ਦੂਜਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ਕਿਉਂਕਿ ਸਫ਼ਾਈ ਕਰਮਚਾਰੀਆਂ ਵੱਲੋਂ ਸ਼ਹਿਰ ਦਾ ਸਾਰਾ ਕੂੜਾ ਕਰਕਟ ਟਰੈਕਟਰ-ਟਰਾਲੀ ਵਿੱਚ ਇਕੱਠਾ ਕਰ ਕੇ ਸੱਕੀ ਨਾਲੇ ਦੇ ਪਾਣੀ ਵਿੱਚ ਸੁੱਟਣ ਨਾਲ ਪਸ਼ੂਆਂ ਤੇ ਹੋਰ ਜੀਵ ਜੰਤੂਆਂ ’ਤੇ ਮਾੜਾ ਅਸਰ ਹੋਣ ਦੇ ਸੰਭਾਵੀ ਖਤਰੇ ਤੋਂ ਕੋਈ ਵੀ ਨਹੀਂ ਬਚਾ ਸਕਦਾ।
ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਅਜਨਾਲਾ ਵੱਲੋਂ ਕੁਝ ਸਮੇਂ ਪਹਿਲਾਂ ਸ਼ਹਿਰ ਤੋਂ ਦੂਰ ਅਜਨਾਲਾ ਤੋਂ ਅੰਬ ਕੋਟਲੀ ਪਿੰਡ ਨੂੰ ਜਾਂਦੀ ਸੜਕ ’ਤੇ ਇੱਕ ਜਗ੍ਹਾ ’ਤੇ ਕੂੜਾ ਕਰਕਟ ਸੁੱਟਿਆ ਜਾਂਦਾ ਰਿਹਾ, ਪਰ ਹੁਣ ਸਾਰਾ ਕੁੜ੍ਹਾ ਦੂਰ ਸੁੱਟਣ ਦੀ ਬਜਾਏ ਸ਼ਹਿਰ ਦੇ ਨਾਲ ਸੱਕੀ ਨਾਲੇ ਵਿੱਚ ਸੁੱਟਣ ਨਾਲ ਸੱਕੀ ਨਾਲੇ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਵੇਗਾ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਪੰਚਾਇਤ ਪਾਸੋਂ ਸੱਕੀ ਨਾਲੇ ਵਿੱਚ ਕੂੜਾ ਨਾ ਸੁੱਟ ਕੇ ਪਾਣੀ ਅਤੇ ਵਾਤਾਵਰਨ ਬਚਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ।
ਕੂੜੇ ਲਈ ਬਣਦੇ ਹੋਰ ਪ੍ਰਬੰਧ ਕਰਾਂਗੇ: ਕਾਰਜ ਸਾਧਕ ਅਫਸਰ
ਇਸ ਸਬੰਧੀ ਨਗਰ ਪੰਚਾਇਤ ਅਜਨਾਲਾ ਦੇ ਨਵ-ਨਿਯੁਕਤ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਵੜੈਚ ਨੇ ਕਿਹਾ ਕਿ ਸੱਕੀ ਨਾਲੇ ਵਿੱਚ ਕੂੜਾ ਸੁੱਟਣਾ ਸਰਾਸਰ ਗਲਤ ਹੈ ਇਸ ਦਾ ਹੋਰ ਬਦਲਵਾਂ ਪ੍ਰਬੰਧ ਜਲਦ ਹੀ ਕਰ ਦਿੱਤਾ ਜਾਵੇਗਾ।