ਪਾਲ ਸਿੰਘ ਨੌਲੀ
ਜਲੰਧਰ, 2 ਜੂਨ
ਮੁੱਖ ਅੰਸ਼
- ਜਲੰਧਰ ਪੂਰਬੀ ਬਲਾਕ ਦੇ ਪਿੰਡਾਂ ਵੱਲੋਂ ਸਰਪੰਚ ਯੂਨੀਅਨ ਦਾ ਗਠਨ
ਪੰਜਾਬ ਵਿੱਚ ਪਿੰਡ ਪੱਧਰ ’ਤੇ ਰਾਜਨੀਤਕ ਦਖ਼ਲ-ਅੰਦਾਜ਼ੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਸਰਪੰਚਾਂ ਨੂੰ ਆਪੋ-ਆਪਣੇ ਪਿੰਡਾਂ ’ਚ ਵਿਕਾਸ ਦੇ ਕੰਮ ਕਰਨੇ ਔਖੇ ਹੋਏ ਪਏ ਹਨ। ਜਲੰਧਰ ਪੂਰਬੀ ਬਲਾਕ ਦੇ ਪਿੰਡਾਂ ਨੇ ਇਸ ਰਾਜਨੀਤਕ ਦਬਾਅ ਦੇ ਜੂਲੇ ਹੇਠੋਂ ਨਿਕਲਣ ਲਈ ਸਰਪੰਚ ਯੂਨੀਅਨ ਬਣਾਈ ਹੈ। ਇੱਥੋਂ ਦੇ ਇੱਕ ਪੈਲੇਸ ਵਿੱਚ ਹੋਏ ਇਕੱਠ ਦੌਰਾਨ ਪਿੰਡਾਂ ਦੇ ਸਰਪੰਚਾਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਇਕੱਠ ਵਿੱਚ ਪਿੰਡਾਂ ਦੇ ਪੰਚਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸੀ। ਸਰਪੰਚਾਂ ਦੀ ਬਣਾਈ ਗਈ ਇਸ ਯੂਨੀਅਨ ਦਾ ਪ੍ਰਧਾਨ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ। ਹੋਰ ਅਹੁਦੇਦਾਰਾਂ ਵਿੱਚ ਚੇਅਰਮੈਨ ਕੁਲਵੰਤ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ ਜਦਕਿ ਵਾਈਸ ਚੇਅਰਮੈਨ ਚਾਰ ਔਰਤ ਸਰਪੰਚਾਂ ਨੂੰ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਹਰਭਜਨ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ ਤੇ ਨੀਲਮ ਰਾਣੀ ਸ਼ਾਮਿਲ ਹੈ। ਸੀਨੀਅਰ ਉਪ ਪ੍ਰਧਾਨ ਵੀ ਚਾਰ ਬਣਾਏ ਗਏ ਹਨ। ਇਨ੍ਹਾਂ ਵਿੱਚ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸਿਧਾਰਥ ਤੇ ਊਸ਼ਾ ਰਾਣੀ ਸ਼ਾਮਲ ਹਨ। ਉਪ ਪ੍ਰਧਾਨ ਰਤਨ ਕੌਰ, ਸਵਿਤਾ, ਨੀਲਮ ਤੇ ਪਿੰਕੀ ਨੂੰ ਬਣਾਇਆ ਗਿਆ ਹੈ। ਜਨਰਲ ਸਕੱਤਰ ਬਲਰਾਜ ਸਿੰਘ ਤੇ ਸਤਪਾਲ ਦਾਸ ਨੂੰ ਬਣਾਇਆ ਗਿਆ ਹੈ।