ਐੱਨਪੀ ਧਵਨ
ਪਠਾਨਕੋਟ, 20 ਫਰਵਰੀ
ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ’ਤੇ ਇਸ ਵਾਰ ਦੀਆਂ ਚੋਣਾਂ ਵਿੱਚ ਰਾਜਨੀਤਿਕ ਸਮੀਕਰਨ ਪੂਰੀ ਤਰ੍ਹਾਂ ਬਦਲੇ ਹੋਏ ਹਨ। ਤਿੰਨਾਂ ਸੀਟਾਂ ’ਤੇ ਤਿਕੌਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਹ ਵੀ ਸਾਫ਼ ਹੈ ਕਿ ਇਸ ਮੁਕਾਬਲੇ ਵਿੱਚ ਤਿੰਨਾਂ ਹੀ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਕੋਈ ਵੀ ਜ਼ਿਆਦਾ ਪਿੱਛੇ ਨਹੀਂ ਹੈ। ਵਿਧਾਨ ਸਭਾ ਖੇਤਰ ਸੁਜਾਨਪੁਰ ਹੋਵੇ, ਭੋਆ ਜਾਂ ਪਠਾਨਕੋਟ, ਤਿੰਨਾਂ ਹੀ ਹਲਕਿਆਂ ਵਿੱਚ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਪਠਾਨਕੋਟ ਵਿਧਾਨ ਸਭਾ ਹਲਕਾ ਜ਼ਿਲ੍ਹੇ ਦੀ ਹੌਟ ਸੀਟ ਬਣੀ ਹੋਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਇਸ ਸੀਟ ਤੋਂ ਚੋਣ ਲੜੇ ਜਾਣ ਕਾਰਨ ਇਸ ਸੀਟ ’ਤੇ ਸਭਨਾਂ ਦੀਆਂ ਨਜ਼ਰਾਂ ਹਨ। ਪ੍ਰਦੇਸ਼ ਪ੍ਰਧਾਨ ਹੋਣ ਕਰਕੇ ਉਨ੍ਹਾਂ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ। ਇਸ ਸੀਟ ’ਤੇ ਅਸ਼ਵਨੀ ਸ਼ਰਮਾ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਤੇ ਸਿਟਿੰਗ ਵਿਧਾਇਕ ਅਮਿਤ ਵਿੱਜ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਭੂਤੀ ਸ਼ਰਮਾ ਨਾਲ ਹੈ। ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਭੂਤੀ ਸ਼ਰਮਾ ਦੇ ਚੋਣ ਮੈਦਾਨ ਵਿੱਚ ਹੋਣ ਕਰਕੇ ਪਠਾਨਕੋਟ ਹਲਕੇ ਦੇ ਰਾਜਨੀਤਿਕ ਸਮੀਕਰਨ ਪੂਰੀ ਤਰ੍ਹਾਂ ਬਦਲੇ ਹੋਏ ਹਨ। ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਰਾਜ ਕੁਮਾਰ ਗੁਪਤਾ ਭਾਵੇਂ ਜਿੱਤ ਦੇ ਪ੍ਰਬਲ ਦਾਅਵੇਦਾਰ ਨਹੀਂ ਮੰਨੇ ਜਾ ਰਹੇ ਪਰ ਕਿਸੇ ਵੀ ਉਮੀਦਵਾਰ ਦੀ ਹਾਰ-ਜਿੱਤ ਰਾਜ ਕੁਮਾਰ ਗੁਪਤਾ ਵੱਲੋਂ ਹਾਸਲ ਕੀਤੀਆਂ ਵੋਟਾਂ ਦੀ ਗਿਣਤੀ ਉਪਰ ਨਿਰਭਰ ਕਰੇਗੀ।
ਭੋਆ ਵਿੱਚ ਕਾਂਗਰਸ ਦੇ ਜੋਗਿੰਦਰ ਪਾਲ, ਭਾਜਪਾ ਦੀ ਸੀਮਾ ਕੁਮਾਰੀ ਅਤੇ ਆਮ ਆਦਮੀ ਪਾਰਟੀ ਦੇ ਲਾਲ ਚੰਦ ਕਟਾਰੂਚੱਕ ਉਮੀਦਵਾਰ ਹਨ। ਇਥੇ ਭਾਜਪਾ ਦੀ ਸੀਮਾ ਕੁਮਾਰੀ ਨੂੰ ਲੋਕ ਮੁਕਾਬਲੇ ਵਿੱਚ ਨਹੀਂ ਮੰਨ ਰਹੇ, ਜਿਸ ਕਰਕੇ ਕਾਂਗਰਸ ਦੇ ਜੋਗਿੰਦਰ ਪਾਲ ਅਤੇ ਆਮ ਆਦਮੀ ਪਾਰਟੀ ਦੇ ਲਾਲ ਚੰਦ ਕਟਾਰੂਚੱਕ ਦਰਮਿਆਨ ਸਖ਼ਤ ਮੁਕਾਬਲਾ ਹੈ। ਫਿਲਹਾਲ ਇਨ੍ਹਾਂ ਉਮੀਦਵਾਰ ਦੀ ਕਿਸਮਤ ਈਵੀਐੱਮ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ, ਦੇਖਣਾ ਹੋਵੇਗਾ 10 ਮਾਰਚ ਨੂੰ ਕੌਣ ਬਾਜ਼ੀ ਮਾਰਦਾ ਹੈ।