ਪੱਤਰ ਪ੍ਰੇਰਕ
ਤਰਨ ਤਾਰਨ, 30 ਨਵੰਬਰ
ਪੰਜਾਬ ਪੁਲੀਸ ਵਿੱਚ ਸਿਪਾਹੀ ਦੀ ਭਰਤੀ ਦੀ ਮੈਰਿਟ ਸੂਚੀ ਵਿੱਚ ਵੱਡੇ ਪੱਧਰ ’ਤੇ ਕਥਿਤ ਬੇਨਿਯਮੀਆਂ ਕੀਤੇ ਜਾਣ ਦੇ ਦੋਸ਼ ਹੇਠ ਅਨੇਕਾਂ ਲੜਕੇ-ਲੜਕੀਆਂ ਨੇ ਅੱਜ ਵੀ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਸ਼ਹਿਰ ਦੀਆਂ ਸੜਕਾਂ ’ਤੇ 10 ਕਿਲੋਮੀਟਰ ਤੱਕ ਦਾ ਰੋਸ ਮਾਰਚ ਕਰਕੇ ਅਤੇ ਇੱਥੇ ਐੱਸਡੀਐੱਮ ਦਫਤਰ ਸਾਹਮਣੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ| ਇਸ ਮੌਕੇ ਰਾਜਪਾਲ ਸਿੰਘ, ਬਲਿਹਾਰ ਸਿੰਘ, ਸੁਖਦੇਵ ਸਿੰਘ, ਗੁਰਭੇਜ ਸਿੰਘ, ਵੀਰਪਾਲ ਕੌਰ, ਸੰਦੀਪ ਕੌਰ, ਅਰਸ਼ਦੀਪ ਕੌਰ, ਕੋਮਲਪ੍ਰੀਤ ਕੌਰ ਨੇ ਕਿਹਾ ਕਿ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਵਿੱਚ ਵੱਡੇ ਪੱਧਰ ’ਤੇ ਹੋਏ ਘਪਲੇ ਕਰਕੇ ਸਰਕਾਰ ਨੇ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਨਾ ਕਰਨ ਦਾ ਐਲਾਨ ਕੀਤਾ ਸੀ ਪਰ ਮਗਰੋਂ ਨਤੀਜਾ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਰੀ ਕੀਤੇ ਨਤੀਜੇ ਵਿੱਚ ਉਮੀਦਵਾਰਾਂ ਵੱਲੋਂ ਪ੍ਰਾਪਤ ਕੀਤੇ ਨੰਬਰ ਨਹੀਂ ਦਰਸਾਏ ਗਏ ਅਤੇ ਨਾ ਹੀ ਕੱਟ ਆਫ਼ ਜਾਰੀ ਕੀਤੀ ਗਈ ਹੈ| ਉਨ੍ਹਾਂ ਹੋਰ ਵੀ ਕਈ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ| ਰੋਸ ਪ੍ਰਗਟ ਕਰਨ ਵਾਲੇ ਮੰਗ ਕਰ ਰਹੇ ਸਨ ਕਿ ਬਾਹਰਵੀਂ ਜਮਾਤ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਧਾਰ ’ਤੇ ਟਰਾਇਲ ਲਏ ਜਾਣੇ ਚਾਹੀਦੇ ਹਨ| ਉਮੀਦਵਾਰਾਂ ਨੇ ਇਨਸਾਫ਼ ਨਾ ਮਿਲਣ ਤੱਕ ਰੋਜ਼ਾਨਾ ਸੜਕਾਂ ’ਤੇ ਰੋਸ ਜ਼ਾਹਰ ਕਰਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ| ਰੋਸ ਪ੍ਰਗਟਾਉਣ ਵਾਲੇ ਲੜਕੇ-ਲੜਕੀਆਂ ਵਿੱਚ ਵਧੇਰੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਹਨ|