ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 23 ਮਈ
ਰਾਵੀ ਦਰਿਆ ਦੇ ਨਾਲ ਲਗਦੇ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਨੇੜੇ 4 ਸਾਲ ਤੋਂ ਚਲਦੀ ਆ ਰਹੀ ਰੇਤਾ ਦੀ ਮਾਇਨਿੰਗ ਉਪਰ ਅੱਜ ਸ਼ਾਮ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਤੇ ਕੋਟਲੀ ਸੂਰਤ ਮੱਲੀ ਪੁਲੀਸ ਨੇ ਛਾਪਾ ਮਾਰਿਆ। ਪੁਲੀਸ ਨੇ ਵੱਡੀ ਮਾਤਰਾ ’ਚ ਰੇਤ ਦੀ ਮਾਈਨਿੰਗ ਵਾਲਾ ਸਾਮਾਨ ਤੇ ਟਰਾਲੀਆਂ, ਟਿੱਪਰ, ਟਰੱਕ ਤੇ ਕਬਜ਼ੇ ’ਚ ਲਏ ਹਨ| ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਗੁਰਚੱਕ ਵਿਖੇ ਹੋ ਰਹੀ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਸ ਤੋਂ ਬਾਅਦ ਪੁਲੀ ਛਾਪਾ ਮਾਰਿਆ| ਉਧਰ ਪੁਲੀਸ ਦੀ ਇਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਮਾਈਨਿੰਗ ਵਿਭਾਗ ਦੇ ਅਫਸਰ ਅਮਿਤ ਅਲੂਣਾ ਤੇ ਜੇਈ ਰਾਹੁਲ ਮਹਾਜਨ, ਇੰਚਾਰਜ ਲਖਵਿੰਦਰ ਸਿੰਘ, ਠੇਕੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੁਰਚੱਕ ਨੇੜੇ ਰਾਵੀ ਦਰਿਆ ’ਤੇ ਖੱਡ ਲੀਗਲ ਹੈ। ਉਨ੍ਹਾਂ ਕਿਹਾ ਕਿ ਇਸ ਖੱਡ ਨਾਲ ਸਬੰਧਤ ਕਾਗਜ਼ਾਤ ਪੁਲੀਸ ਪ੍ਰਸ਼ਾਸਨ ਨੂੰ ਦਿਖਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖੱਡ ਲਗਾਉਣ ਸਮੇਂ ਇਥੇ ਬੁਰਜੀਆਂ ਲਗਾਈਆਂ ਗਈਆਂ ਸਨ ਪਰ ਮੀਂਹ ਪੈਣ ਕਰਕੇ ਢਹਿ ਢੇਰੀ ਹੋ ਗਈਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਤਹਿਸੀਲਦਾਰ ਨੂੰ ਪੱਤਰ ਲਿਖ ਚੁੱਕੇ ਹਾ ਤੇ ਜਲਦੀ ਹੀ ਨਿਸ਼ਾਨਦੇਹੀ ਕਰਾ ਕੇ ਸਹੀ ਥਾਂ ਤੇ ਬੁਰਜੀਆਂ ਲਵਾਈਆਂ ਜਾਣਗੀਆਂ।