ਪੱਤਰ ਪ੍ਰੇਰਕ
ਪਠਾਨਕੋਟ, 6 ਫਰਵਰੀ
ਜ਼ਿਲ੍ਹਾ ਪਠਾਨਕੋਟ ਦੀ ਪੁਲੀਸ ਵੱਲੋਂ ਨਾਲ ਲੱਗਦੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਅੰਤਰਰਾਜੀ ਨਾਕਿਆਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਅੱਜ ਜੰਮੂ-ਕਸ਼ਮੀਰ ਅਤੇ ਪੰਜਾਬ ਦੀ ਸਰਹੱਦ ਤੇ ਮਾਧੋਪੁਰ ਵਿੱਚ ਪੁਲੀਸ ਵੱਲੋਂ ਵਾਹਨਾਂ ਦੀ ਚੈਕਿੰਗ ਕਰਨ ਦੇ ਨਾਲ ਹੀ ਹਾਈਵੇਅ ਉਪਰ ਚੈਕਿੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਜਾਨਪੁਰ ਪੁਲੀਸ ਅਤੇ ਸ਼ਾਹਪੁਰਕੰਡੀ ਪੁਲੀਸ ਨੇ ਇੱਕ ਟਰੱਕ ਅਤੇ ਨਿੱਜੀ ਕਾਰ ਰਾਹੀਂ ਜੰਮੂ-ਕਸ਼ਮੀਰ ਤੋਂ ਪੰਜਾਬ ਲਿਆਂਦੀ ਜਾ ਰਹੀ 12 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਨਾਲ ਹੀ ਪੰਜ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਸੂਤਰਾਂ ਅਨੁਸਾਰ ਮੁੱਢਲੀ ਪੁੱਛਗਿੱਛ ਵਿੱ ਤਸਕਰਾਂ ਨੇ ਪੁਲੀਸ ਨੂੰ ਕੁਝ ਜਾਣਕਾਰੀਆਂ ਦਿੱਤੀਆਂ ਹਨ। ਐੱਸਐੱਸਪੀ ਪਠਾਨਕੋਟ ਸੁਰੇਂਦਰ ਲਾਂਬਾ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਨਸ਼ੇ ਦੀ ਸਪਲਾਈ ਅਤੇ ਹੋਰ ਪਹਿਲੂਆਂ ਉਪਰ ਨਜ਼ਰ ਰੱਖਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਅੰਤਰਰਾਜੀ ਅਤੇ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਚੌਕਸੀ ਵਰਤੀ ਜਾ ਰਹੀ ਹੈ।