ਐੱਨਪੀ ਧਵਨ
ਪਠਾਨਕੋਟ, 16 ਨਵੰਬਰ
ਸਥਾਨਕ ਮਾਡਲ ਟਾਊਨ ਸਥਿਤ ਕੱਪੜਿਆਂ ਦੀ ਦੁਕਾਨ ’ਤੇ ਚੁੰਨੀਆਂ ਰੰਗਣ ਦਾ ਕੰਮ ਕਰਨ ਵਾਲੇ ਨੌਜਵਾਨ ਸ਼ੇਖਰ ਨੂੰ ਡਰਾਉਣ, ਧਮਕਾਉਣ ’ਤੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਕਤ ਨੌਜਵਾਨ ਵਲੋਂ ਆਤਮ ਹੱਤਿਆ ਕਰਨ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਲਈ ਜ਼ਿੰਮੇਵਾਰ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਮ੍ਰਿਤਕ ਦੀ ਮਾਤਾ ਪ੍ਰਵੇਸ਼ ਰਾਣੀ ਅਤੇ ਮ੍ਰਿਤਕ ਦੇ ਭਰਾ ਵਿਜੇ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸ਼ੇਖਰ ਜੋ ਕਿ ਕੱਪੜਿਆਂ ਦੀ ਦੁਕਾਨ ’ਤੇ ਚੁੰਨੀਆਂ ਰੰਗਣ ਦਾ ਕੰਮ ਕਰਦਾ ਸੀ, ਦਾ ਬੈਂਕ ਕਲੋਨੀ ਦੀ ਇੱਕ ਲੜਕੀ ਨਾਲ ਪਿਛਲੇ 2 ਸਾਲਾਂ ਤੋਂ ਪ੍ਰੇਮ ਚੱਲ ਰਿਹਾ ਸੀ। ਇਸ ਦੌਰਾਨ ਜਦ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਉਸ ਦੇ ਬੇਟੇ ਨੂੰ ਉਨ੍ਹਾਂ ਦੀ ਲੜਕੀ ਤੋਂ ਦੂਰ ਰਹਿਣ ਲਈ ਕਿਹਾ ਅਤੇ ਉਸ ਦੇ ਬਾਅਦ ਉਸ ਦੇ ਬੇਟੇ ਨੇ ਲੜਕੀ ਦੇ ਨਾਲ ਗੱਲਬਾਤ ਬੰਦ ਕਰ ਦਿੱਤੀ ਪਰ ਉਸ ਦੇ ਬਾਅਦ ਵੀ ਲੜਕੀ ਉਨ੍ਹਾਂ ਦੇ ਬੇਟੇ ਨਾਲ ਸੰਪਰਕ ਸਾਧਦੀ ਰਹਿੰਦੀ ਸੀ ਜਿਸ ਦੇ ਚਲਦੇ ਬੀਤੇ ਦਿਨ ਸ਼ਾਮ 4 ਵਜੇ ਦੇ ਕਰੀਬ ਲੜਕੀ ਦੇ ਘਰ ਵਾਲੇ ਜਿਸ ਦੁਕਾਨ ’ਤੇ ਉਨ੍ਹਾਂ ਦਾ ਬੇਟਾ ਕੰਮ ਕਰਦਾ ਸੀ, ’ਤੇ ਪੁੱਜੇ ਅਤੇ ਉਨ੍ਹਾਂ ਉਸ ਨੂੰ ਫਿਰ ਤੋਂ ਡਰਾਇਆ-ਧਮਕਾਇਆ ਜਿਸ ’ਤੇ ਉਨ੍ਹਾਂ ਦੇ ਬੇਟੇ ਨੇ ਲੜਕੀ ਦੇ ਪਰਿਵਾਰ ਦੇ ਸਾਹਮਣੇ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਉਸ ਦੀ ਹਾਲਤ ਖਰਾਬ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਪਸਤਾਲ ਪਹੁੰਚਾਇਆ ਗਿਆ। ਜਿਥੇ ਉਸ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਊਸ ਨੇ ਦਮ ਤੋੜ ਦਿੱਤਾ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਲਜ਼ਮਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਪੁਲੀਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਥਾਣਾ ਡਵੀਜ਼ਨ ਨੰਬਰ 2 ਦੇ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਆਲੜਕੀ ਦੇ ਪਿਤਾ ਅਰਜਨ ਸਿੰਘ, ਮਾਂ ਕ੍ਰਿਸ਼ਣਾ, ਭਰਾ ਲਖਵਿੰਦਰ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਿਤਾ ਅਰਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।