ਨਿੱਜੀ ਪੱਤਰ ਪ੍ਰੇਰਕ
ਬਟਾਲਾ, 9 ਮਈ
ਸ਼ਿਵ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ ਬਟਾਲਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸੰਗੀਤ ਨਾਕਟ ਅਕਾਦਮੀ ਦੇ ਸਹਿਯੋਗ ਨਾਲ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਮੌਕੇ ਸਥਾਨਕ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿੱਚ ਕਵੀ ਦਰਬਾਰ ਅਤੇ ਕਾਵਿ ਗਾਇਨ ਸਮਾਰੋਹ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਸੁਰਜੀਤ ਪਾਤਰ ਨੇ ਕੀਤੀ, ਜਦੋਂ ਕਿ ਵਿਧਾਇਕ ਸ਼ੈਰੀ ਕਲਸੀ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਿਵ ਬਟਾਲਵੀ ਦੇ ਸਾਥੀ ਤੇ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਤੇ ਸ਼ਾਇਰ ਡਾ. ਰਵਿੰਦਰ ਸਿੰਘ ਦੀ ਨਵੀਂ ਕਾਵਿ-ਕਿਤਾਬ ‘ਅੰਦਰ ਖੁੱਲ੍ਹਦੀ ਖਿੜਕੀ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੌਰਾਨ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਆਪਣੀਆਂ ਰਚਨਾਵਾਂ ਰਾਹੀਂ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰਦੇ ਰਹਿਣਗੇ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਵੀ ਵਿਚਾਰ ਰੱਖੇ। ਪੰਜਾਬ ਸੰਗੀਤ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਸਮਾਗਮ ਦੌਰਾਨ ਸ਼ਾਇਰ ਸੁਰਜੀਤ ਪਾਤਰ, ਅਰਪਿੰਦਰ ਸੰਧੂ, ਸੁਰਜੀਤ ਜੱਜ, ਹਰਮੀਤ ਆਰਟਿਸਟ, ਡਾ ਅਨੂਪ ਸਿੰਘ ਅਤੇ ਵਿਜੈ ਅਗਨੀਹੋਤਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਦਾ ਸੰਚਾਲਨ ਕਵੀ ਵਿਸ਼ਾਲ ਬਿਆਸ ਨੇ ਕੀਤਾ।