ਦਲਬੀਰ ਸੱਖੋਵਾਲੀਆ
ਬਟਾਲਾ, 23 ਜੁਲਾਈ
ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਵੱਲੋਂ ਅੱਜ ਬ੍ਰਿਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ 85ਵਾਂ ਜਨਮ ਦਿਨ ਸ਼ਿਵ ਬਟਾਲਵੀ ਆਡੀਟੋਰੀਅਮ ਵਿੱਚ ਪੂਰੇ ਉਤਸ਼ਾਹ ਨਾਲ ਮਨਾਉਂਦਿਆਂ ਇੱਕ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਬੁਲਾਰਿਆਂ ਕਿਹਾ ਕਿ ਸ਼ਿਵ ਬਟਾਲਵੀ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ ਜੋ ਹਮੇਸ਼ਾਂ ਲੋਕ ਮਨਾਂ ਵਿੱਚ ਜ਼ਿੰਦਾ ਰਹਿਣਗੀਆਂ। ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ.) ਹਰਪਾਲ ਸਿੰਘ ਸੰਧਾਵਾਲੀਆ , ਹਰਭਜਨ ਸਿੰਘ ਬਾਜਵਾ, ਸਵਰਨ ਮੁੱਢ, ਦਵਿੰਦਰ ਦੀਦਾਰ, ਡੀ.ਪੀ.ਆਰ.ਓ. ਬਟਾਲਾ ਇੰਦਰਜੀਤ ਸਿੰਘ ਹਰਪੁਰਾ ਸਮੇਤ ਬਟਾਲਾ ਸ਼ਹਿਰ ਦੀਆਂ ਨਾਮਵਰ ਹਸਤੀਆਂ ਤੇ ਸ਼ਿਵ ਸਨੇਹੀ ਸ਼ਾਮਲ ਹੋਏ। ਕਵੀ ਦਰਬਾਰ ਦੌਰਾਨ ਸ਼ਾਇਰ ਡਾ. ਰਵਿੰਦਰ ਸਿੰਘ, ਬਾਬਾ ਬਾਜਵਾ ਉਰਫ਼ ਹਰਭਜਨ ਬਾਜਵਾ, ਵਿਜੇ ਅਗਨੀਹੋਤਰੀ, ਕੁਲਬੀਰ ਸੱਗੂ, ਸੰਧੂ ਬਟਾਲਵੀ, ਅਜੀਤ ਕਮਲ, ਸਤਿੰਦਰ ਕੌਰ ਕਾਹਲੋਂ, ਸਿਮਰਤ ਸੁਮੈਰਾ, ਜਸਵੰਤ ਹਾਂਸ, ਡੀ.ਈ.ਓ. ਹਰਪਾਲ ਸਿੰਘ ਸੰਧਾਵਾਲੀਆ, ਪ੍ਰਸ਼ੋਤਮ ਲੱਲੀ ਅਤੇ ਓਮ ਪ੍ਰਕਾਸ਼ ਭਗਤ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।