ਪੱਤਰ ਪ੍ਰੇਰਕ
ਅਟਾਰੀ, 20 ਜੂਨ
ਇਤਿਹਾਸਕ ਕਸਬਾ ਅਟਾਰੀ ਸਥਿਤ ਜਰਨਲ ਸ਼ਾਮ ਸਿੰਘ ਪਬਲਿਕ ਸਕੂਲ ਵਿਖੇ ਸਕੂਲ ਫ੍ਰੈਂਡਸ ਗਰੁੱਪ ਅਟਾਰੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਲੰਗਰੁ ਚਲੈ ਗੁਰ ਸ਼ਬਦ ਸੰਸਥਾ ਚੀਚਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਿਤ ਪ੍ਰਚਾਰ ਕੈਂਪ ਲਾਇਆ ਗਿਆ। ਗੁਰਮਤਿ ਕੈਂਪ ਵਿੱਚ ਅਟਾਰੀ, ਧਨੋਏ, ਮੋਦੇ, ਰੋੜਾਂਵਾਲਾ ਕਲਾਂ, ਰੋੜਾਂਵਾਲਾ ਖੁਰਦ, ਮੁਹਾਵਾ, ਨੇਸ਼ਟਾ ਸਮੇਤ 25 ਪਿੰਡਾਂ ਦੇ ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸ ਦੇ ਤਕਰੀਬਨ 308 ਸਿੱਖਿਆਰਥੀਆਂ ਨੇ ਭਾਗ ਲਿਆ। ਕੈਂਪ ਇੰਚਾਰਜ ਗੁਰਦੀਪ ਸਿੰਘ ਅਟਾਰੀ ਤੇ ਮਾਸਟਰ ਗੁਰਸ਼ਰਨ ਸਿੰਘ ਅਟਾਰੀ ਨੇ ਦੱਸਿਆ ਕਿ ਅੱਜ 308 ਸਿੱਖਿਆਰਥੀਆਂ ਦਾ ਫਾਈਨਲ ਟੈਸਟ ਲਿਆ ਗਿਆ। ਇਸ ਮੌਕੇ ਟੈਸਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਿੱਖਿਆਰਥਣਾਂ ਪਵਨਦੀਪ ਕੌਰ ਅਟਾਰੀ, ਜੈਸਮੀਨ ਕੌਰ ਅਤੇ ਨਵਜੋਤ ਕੌਰ ਨੂੰ ਸਾਰੇਗਾਮਾ ਸੰਸਥਾ ਆਸਟਰੇਲੀਆ ਦੇ ਮੈਂਬਰ ਪ੍ਰਿਤਪਾਲ ਸਿੰਘ ਵੱਲੋਂ 5000-5000 ਤੇ ਦੂਸਰੇ ਸਥਾਨ ਲਈ ਗੁਰਲੀਨ ਕੌਰ, ਹਰਮਨਬੀਰ ਕੌਰ ਅਤੇ ਜਸ਼ਨਦੀਪ ਸਿੰਘ ਨੂੰ ਕ੍ਰਮਵਾਰ 4000-4000 ਹਜ਼ਾਰ ਦੇ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਹਾਜ਼ਰੀ ਭਰੀ।